ਅਜੋਕੇ ਸਮੇਂ ਵਿੱਚ ਔਰਤਾਂ ਦੀਆਂ ਹੱਡੀਆਂ 40 ਸਾਲ ਦੀ ਉਮਰ ਵਿੱਚ ਵੀ ਕਮਜ਼ੋਰ ਹੋਣ ਲੱਗੀਆਂ ਹਨ। ਇਸ ਕਾਰਨ ਜੋੜਾਂ ਦੇ ਦਰਦ ਦੀ ਸਮੱਸਿਆ ਹੁੰਦੀ ਹੈ ਅਤੇ ਕੋਈ ਵੀ ਸਰੀਰਕ ਕੰਮ ਕਰਨ ‘ਚ ਵੀ ਦਿੱਕਤ ਹੁੰਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਹੱਡੀਆਂ (Bone) ਦੇ ਕਮਜ਼ੋਰ ਹੋਣ ਦਾ ਇੱਕ ਵੱਡਾ ਕਾਰਨ ਗਲਤ ਖੁਰਾਕ ਅਤੇ ਖਰਾਬ ਜੀਵਨ ਸ਼ੈਲੀ ਹੈ। ਸ਼ਰਾਬ ਦਾ ਸੇਵਨ ਅਤੇ ਸਿਗਰਟਨੋਸ਼ੀ ਵੀ ਹੱਡੀਆਂ ਦੀ ਕਮਜ਼ੋਰੀ ਦੇ ਮੁੱਖ ਕਾਰਨ ਹਨ। ਜੇਕਰ ਤੁਸੀਂ ਆਪਣੇ ਆਪ ਨੂੰ ਇਨ੍ਹਾਂ ਤੋਂ ਬਚਾਉਂਣਾ ਚਾਹੁੰਦੇ ਹੋ, ਤਾਂ ਤੁਸੀਂ ਵਧਦੀ ਉਮਰ ਦੇ ਨਾਲ ਹੱਡੀਆਂ ਨੂੰ ਕਮਜ਼ੋਰ ਹੋਣ ਤੋਂ ਰੋਕ ਸਕਦੇ ਹੋ।
ਐਕਸਪਰਟ ਨੇ ਦਿੱਤੀ ਇਹ ਸਲਾਹ
ਆਰਥੋਪੀਡਿਕ ਮਾਹਿਰ ਡਾਕਟਰ ਦੇਬਾਸ਼ੀਸ਼ ਚੰਦਾ ਨੇ ਦੱਸਿਆ ਕਿ ਔਰਤਾਂ ਨੂੰ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਆਪਣੀ ਖੁਰਾਕ ਦਾ ਧਿਆਨ ਰੱਖਣਾ ਜ਼ਰੂਰੀ ਹੈ। ਕੈਲਸ਼ੀਅਮ ਅਤੇ ਵਿਟਾਮਿਨ ਡੀ (Vitamin D) ਨਾਲ ਭਰਪੂਰ ਭੋਜਨ ਖਾਓ। ਇਸ ਦੇ ਲਈ ਤੁਹਾਨੂੰ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਰੋਜ਼ਾਨਾ ਆਪਣੀ ਖੁਰਾਕ ਵਿੱਚ ਸਾਬਤ ਅਨਾਜ ਨੂੰ ਵੀ ਜੋੜੋ। ਪ੍ਰੋਸੈਸਡ ਭੋਜਨ ਅਤੇ ਜਿਆਦਾ ਨਮਕ ਦੇ ਸੇਵਨ ਤੋਂ ਬਚਣ ਦੀ ਕੋਸ਼ਿਸ਼ ਕਰੋ। ਬਾਹਰੋਂ ਮਸਾਲੇਦਾਰ ਭੋਜਨ ਨਾ ਖਾਓ ਇਹ ਸਿਹਤ ਲਈ ਚੰਗਾ ਨਹੀਂ ਹੁੰਦਾ।
ਰੋਜ਼ਾਨਾ ਕਸਰਤ
ਹੱਡੀਆਂ ਨੂੰ ਮਜ਼ਬੂਤਰੱਖਣ ਲਈ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ। ਜੋ ਔਰਤਾਂ ਨਿਯਮਿਤ ਰੂਪ ਨਾਲ ਕਸਰਤ ਨਹੀਂ ਕਰਦੀਆਂ, ਉਨ੍ਹਾਂ ਵਿੱਚ ਹੱਡੀਆਂ ਦੇ ਕਮਜ਼ੋਰ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਕਸਰਤ ਨਾਲ ਹੱਡੀਆਂ ਦੇ ਨੁਕਸਾਨ ਦਾ ਖ਼ਦਸ਼ਾ ਘੱਟਦਾ ਹੈ। ਜਿੰਨਾ ਜ਼ਿਆਦਾ ਤੁਸੀਂ ਕਸਰਤ ਕਰੋਗੇ, ਤੁਹਾਡੀਆਂ ਹੱਡੀਆਂ ਓਨੀਆਂ ਹੀ ਮਜ਼ਬੂਤ ਹੋਣਗੀਆਂ। ਕਸਰਤ ‘ਚ ਸਿਰਫ਼ ਭਾਰੀ ਵਰਕਆਉਟ ਕਰਨਾ ਜ਼ਰੂਰੀ ਨਹੀਂ ਹੈ, ਤੁਸੀਂ ਰੋਜ਼ਾਨਾ ਇੱਕ ਕਿਲੋਮੀਟਰ ਪੈਦਲ ਚੱਲ ਸਕਦੇ ਹੋ। ਹਲਕਾ ਦੌੜਨਾ ਵੀ ਫਾਇਦੇਮੰਦ ਹੈ।
ਧੁੱਪ ਵਿੱਚ ਬਿਤਾਓ ਸਮਾਂ
ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਵਿਟਾਮਿਨ ਡੀ ਬਹੁਤ ਜ਼ਰੂਰੀ ਹੈ। ਇਸ ਦੇ ਲਈ ਤੁਹਾਨੂੰ ਧੁੱਪ ਲੈਣੀ ਬਹੁਤ ਜਰੂਰੀ ਹੈ। ਪਰ ਅੱਜ-ਕੱਲ੍ਹ ਲੋਕ ਧੁੱਪ ‘ਚ ਨਹੀਂ ਨਿਕਲਦੇ। ਇਸ ਕਾਰਨ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਅਜਿਹੇ ‘ਚ ਹੱਡੀਆਂ ਦੀ ਚੰਗੀ ਸਿਹਤ ਲਈ ਲੋਕਾਂ ਨੂੰ ਧੁੱਪ ‘ਚ ਕੁਝ ਸਮਾਂ ਬਿਤਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਆਪਣੀ ਡਾਈਟ ‘ਚ ਮੱਛੀ, ਅੰਡੇ ਅਤੇ ਦਾਲਾਂ ਨੂੰ ਸ਼ਾਮਲ ਕਰੋ।
ਸ਼ਰਾਬ ਤੋਂ ਰਹੋ ਦੂਰ
ਅਜੋਕੇ ਸਮੇਂ ਵਿੱਚ ਸ਼ਰਾਬ ਪੀਣ ਦਾ ਰੁਝਾਨ ਵੱਧ ਗਿਆ ਹੈ ਪਰ ਸ਼ਰਾਬ ਤੁਹਾਡੀਆਂ ਹੱਡੀਆਂ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਜੇ ਤੁਸੀਂ ਆਪਣੀਆਂ ਹੱਡੀਆਂ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਸ਼ਰਾਬ ਤੋਂ ਦੂਰ ਰਹੋ। ਕਈ ਖੋਜਾਂ ਤੋਂ ਪਤਾ ਲੱਗਾ ਹੈ ਕਿ ਤੰਬਾਕੂ ਅਤੇ ਸ਼ਰਾਬ ਦਾ ਸੇਵਨ ਹੱਡੀਆਂ ਨੂੰ ਕਮਜ਼ੋਰ ਬਣਾ ਸਕਦਾ ਹੈ। ਇਸ ਕਾਰਨ ਓਸਟੀਓਪੋਰੋਸਿਸ ਦੀ ਬੀਮਾਰੀ ਹੋਣ ਦਾ ਖ਼ਤਰਾ ਰਹਿੰਦਾ ਹੈ। ਜ਼ਿਆਦਾ ਸ਼ਰਾਬ ਪੀਣ ਨਾਲ ਸਰੀਰ ਵਿੱਚ ਅਜਿਹੇ ਹਾਰਮੋਨ ਪੈਦਾ ਹੁੰਦੇ ਹਨ ਜੋ ਹੱਡੀਆਂ ਨੂੰ ਕਮਜ਼ੋਰ ਕਰ ਦਿੰਦੇ ਹਨ। ਅਜਿਹੇ ‘ਚ ਸ਼ਰਾਬ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।