ਲੁਧਿਆਣਾ – ਲੁਧਿਆਣਾ ਵਿਖੇ ਹੋਣ ਜਾ ਰਹੀ ਮਹਾਂ ਡਿਬੇਟ ਵਿੱਚ ਵਿਰੋਧੀ ਧਿਰਾਂ ਦੇ ਪਹੁੰਚਣ ਦੀ ਬੇਸ਼ੱਕ ਕੋਈ ਸੂਚਨਾ ਨਹੀਂ ਮਿਲੀ ਹੈ ਪਰ ਸਰਕਾਰ ਨੇ ਆਪਣੀ ਤਿਆਰੀ ਮੁਕੰਮਲ ਕਰ ਲਈ ਹੈ। ਬਾਕਾਇਦਾ ਸਾਰੇ ਲੀਡਰਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਸਿਟਿੰਗ ਪਲਾਨ ਦੀ ਗੱਲ ਕਰੀਏ ਤਾਂ ਸਟੇਜ ‘ਤੇ ਸੱਜੇ ਪਾਸੇ ਰਾਜਾ ਵੜਿੰਗ ਦੀ ਕੁਰਸੀ ਹੈ, ਨਾਲ ਸੁਖਬੀਰ ਬਾਦਲ ਦੀ ਕੁਰਸੀ ਹੈ, ਉਨ੍ਹਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਬੈਠਣਗੇ ਜਦਕਿ ਮੁੱਖ ਮੰਤਰੀ ਦੇ ਖੱਬੇ ਹੱਥ ਸੁਨੀਲ ਕੁਮਾਰ ਜਾਖੜ ਅਤੇ ਉਨ੍ਹਾਂ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਦੀ ਕੁਰਸੀ ਲਗਾਈ ਗਈ ਹੈ। ਸਿਟਿੰਗ ਮੁਤਾਬਕ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਮਾਨ ਦੇ ਸੱਜੇ ਹੱਥ ਹਨ ਜਦਕਿ ਜਾਖੜ ਦੀ ਕੁਰਸੀ ਖੱਬੇ ਹੈਤੇ ਦੋਨਾ ਦੇ ਵਿਚਕਾਰ ਮੁੱਖ ਮੰਤਰੀ ਬੈਠਣਗੇ। ਸਾਰੀਆਂ ਕੁਰਸੀਆਂ ਦੇ ਸਾਹਮਣੇ ਟੇਬਲ ਲਗਾਏ ਗਏ ਹਨ।
ਟੇਬਲ ‘ਤੇ ਪਾਣੀ ਅਤੇ ਨਾਰੀਅਲ ਪਾਣੀ ਦੀਆਂ ਬੋਤਲਾਂ ਸਮੇਤ ਢਕੇ ਹੋਏ ਖਾਲੀ ਗਲਾਸ ਪਏ ਹਨ। ਸਟੇਜ ਦੇ ਮਗਰ ਮੈਂ ਪੰਜਾਬ ਬੋਲਦਾ ਹਾਂ ਦਾ ਵੱਡਾ ਬੋਰਡ ਲੱਗਾ ਹੈ। ਸਟੇਜ ਸੰਚਾਲਕ ਨਿਰਮਲ ਜੌੜਾ ਦੀ ਵੱਖਰੀ ਕੁਰਸੀ ਸਮੇਤ ਇੱਕ ਲੈਕਚਰ ਸਟੈਂਡ ਹੈ। ਹਾਲ ਦੇ ਅੰਦਰ ਛੇ ਸੌ ਤੋਂ ਵਧੇਰੇ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ। ਵਿਧਾਇਕ ਮੰਤਰੀ ਅਤੇ ਬੁੱਧੀਜੀਵੀਆਂ ਤੋਂ ਇਲਾਵਾ ਕੁਝ ਸੰਗੀਤ ਜਗਤ ਦੀਆਂ ਵੀ ਮਹਾਨ ਹਸਤੀਆਂ ਨੂੰ ਬੁਲਾਇਆ ਗਿਆ ਹੈ।
ਹਾਲ ਦੇ ਅੰਦਰ ਇੱਕ ਵੱਡੀ LED ਵੀ ਲੱਗੀ ਹੈ ਜਿਸ ਉੱਪਰ ਸਰੋਤੇ ਲੀਡਰਾਂ ਨੂੰ ਆਸਾਨੀ ਨਾਲ ਵੇਖ ਸਕਣਗੇ। ਮੁੱਖ ਮੰਤਰੀ ਦੇ 11:30 ਤੱਕ ਪਹੁੰਚਣ ਦੀ ਉਮੀਦ ਹੈ। 12 ਵਜੇ ਬਹਿਸ ਸ਼ੁਰੂ ਹੋਵੇਗੀ। ਵਿਰੋਧੀ ਬੇਸ਼ੱਕ ਨਾ ਵੀ ਆਉਣ ਪਰ ਮੁੱਖ ਮੰਤਰੀ ਆਪਣੀ ਤਿਆਰੀ ਸਮੇਤ ਪਹੁੰਚ ਰਹੇ ਨੇ। ਜੇ ਕੋਈ ਲੀਡਰ ਨਾ ਵੀ ਆਇਆ ਤਾਂ ਖਬਰ ਹੈ ਕਿ ਮੁੱਖ ਮੰਤਰੀ ਖੁਦ ਲਾਜਮੀਂ ਸੰਬੋਧਨ ਕਰਨਗੇ।