ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ’ਤੇ ਕਿਸਾਨਾਂ ਨੇ ਪੂਰੀ ਰਾਤ ਜਾਰੀ ਰੱਖਿਆ ਧਰਨਾ

0
151

ਕਿਸਾਨਾਂ ਵੱਲੋਂ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ’ਤੇ ਧੰਨੋਵਾਲੀ ਨੇੜੇ ਆਪਣੀਆਂ ਮੰਗਾਂ ਨੂੰ ਲੈ ਕੇ ਲਾਇਆ ਗਿਆ ਧਰਨਾ ਪੂਰੀ ਰਾਤ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚਾ ਦੇ ਵੱਖ-ਵੱਖ ਕਿਸਾਨ ਸੰਗਠਨਾਂ ਵੱਲੋਂ ਦੁਪਹਿਰ ਦੇ ਸਮੇਂ ਸ਼ੁਰੂ ਕੀਤੇ ਗਏ ਇਸ ਧਰਨੇ ‘ਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ ਤੇ ਸੂਬਾ ਸਰਕਾਰ ਦੀ ਵਾਅਦਾਖ਼ਿਲਾਫ਼ੀ ਨੂੰ ਲੈ ਕੇ ਜੰਮ ਕੇ ਰੋਸ ਮੁਜ਼ਾਹਰਾ ਕੀਤਾ।

ਇਸ ਧਰਨੇ ਕਾਰਨ ਪੂਰਾ ਦਿਨ ਲੋਕ ਜਾਮ ਵਿੱਚ ਫਸੇ ਰਹੇ। ਰਾਤ ਤੱਕ ਇਹ ਜਾਮ ਲੱਗਾ ਹੋਇਆ ਸੀ। ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀਆਂ ਐਂਬੂਲੈਂਸਾਂ ਵੀ ਜਾਮ ‘ਚ ਫਸੀਆਂ ਰਹੀਆਂ। ਬੱਸਾਂ ਵਿੱਚ ਜਾਣ ਵਾਲੇ ਯਾਤਰੀਆਂ ਨੂੰ ਲੱਗੇ ਜਾਮ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬੱਸਾਂ ਵੀ ਅੱਡੇ ਤੋਂ ਬਾਹਰ ਨਹੀਂ ਨਿਕਲ ਸਕੀਆਂ। ਹਾਲਾਂਕਿ, ਦੋਵੇਂ ਸਾਈਡ ਤੋਂ ਸਰਵਿਸ ਲੇਨ ਖੁੱਲ੍ਹੀ ਹੋਈ ਸੀ ਪਰ ਹਾਈਵੇ ਪੂਰੀ ਤਰ੍ਹਾਂ ਬੰਦ ਸੀ।

ਫਗਵਾੜਾ ਵੱਲ ਜਾਣ ਵਾਲੇ ਲੋਕਾਂ ਨੂੰ ਕੈਂਟ ਰੋਡ ਤੋਂ ਨਿਕਲ ਕੇ ਜਾਣਾ ਪਿਆ ਪਰ ਅੱਗੇ ਜਾ ਕੇ ਉਹ ਫਿਰ ਜਾਮ ‘ਚ ਫਸ ਗਏ। ਜਾਮ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਦੇ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੈ। ਸਰਕਾਰ ਨੇ ਹੀ ਉਨ੍ਹਾਂ ਨੂੰ ਧਰਨਾ-ਮੁਜ਼ਾਹਰਾ ਕਰਨ ਲਈ ਮਜਬੂਰ ਕੀਤਾ ਹੈ।

ਕਿਸਾਨ ਸੰਗਠਨਾਂ ਵੱਲੋਂ ਪਹਿਲਾਂ 9 ਨਵੰਬਰ ਨੂੰ ਧਰਨਾ ਲਾਉਣ ਦਾ ਐਲਾਨ ਕੀਤਾ ਗਿਆ ਸੀ ਪਰ 8 ਨਵੰਬਰ ਨੂੰ ਖੇਤੀ ਮੰਤਰੀ ਪੰਜਾਬ ਨੇ ਉਨ੍ਹਾਂ ਨਾਲ ਮੀਟਿੰਗ ਕਰਕੇ ਭਰੋਸਾ ਦਿੱਤਾ ਸੀ ਕਿ 21 ਨਵੰਬਰ ਨੂੰ ਮਿੱਲਾਂ ਚੱਲ ਪੈਣਗੀਆਂ ਅਤੇ ਗੰਨੇ ਦੇ ਰੇਟ ਸਬੰਧੀ 16 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਖੁਦ ਸ਼ੂਗਰਫੈੱਡ ਨਾਲ ਮੀਟਿੰਗ ਕਰਨਗੇ ਪਰ ਇਹ ਮੀਟਿੰਗ 15 ਨਵੰਬਰ ਦੀ ਸ਼ਾਮ ਨੂੰ ਹੀ ਰੱਦ ਕਰ ਦਿੱਤੀ ਗਈ, ਜਿਸ ਤੋਂ ਬਾਅਦ ਕਿਸਾਨ ਸੰਗਠਨਾਂ ਨੇ ਫ਼ੈਸਲਾ ਕੀਤਾ ਕਿ 21 ਨਵੰਬਰ ਨੂੰ ਧੰਨੋਵਾਲੀ ਨੇੜੇ ਨੈਸ਼ਨਲ ਹਾਈਵੇ ’ਤੇ ਧਰਨਾ ਲਾ ਕੇ ਰੋਸ-ਮੁਜ਼ਾਹਰਾ ਕੀਤਾ ਜਾਵੇਗਾ ਅਤੇ ਅੱਜ ਇਹ ਧਰਨਾ ਸ਼ੁਰੂ ਕਰ ਦਿੱਤਾ ਗਿਆ, ਜੋ ਕਿ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਦਿੰਦੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਾ ਕੀਤੀ ਤਾਂ ਉਹ ਨੈਸ਼ਨਲ ਹਾਈਵੇ ’ਤੇ ਧਰਨਾ ਜਾਰੀ ਰੱਖਣ ਦੇ ਨਾਲ-ਨਾਲ ਰੇਲ ਆਵਾਜਾਈ ਵੀ ਠੱਪ ਕਰਨਗੇ।

 

LEAVE A REPLY

Please enter your comment!
Please enter your name here