ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਦੂਜਿਆਂ ਦੀ ਸੇਵਾ ਕਰਨ ਅਤੇ ਭਾਈਚਾਰੇ ਨੂੰ ਅੱਗੇ ਵਧਾਉਣ ਦੀ ਜੋ ਸਿੱਖਿਆ ਸਿੱਖਾਂ ਦੇ ਪਹਿਲੇ ਗੁਰੂ ਨੇ ਦਿੱਤੀ, ਉਹ ਦੁਨੀਆ ਭਰ ‘ਚ ਲੱਖਾਂ ਲੋਕਾਂ ਨੂੰ ਤਾਕਤ ਦਿੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਸੀ। ਪੀ.ਐੱਮ. ਮੋਦੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਲਿਖਿਆ,”ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ੁੱਭਕਾਮਨਾਵਾਂ। ਉਨ੍ਹਾਂ ਨੇ ਦੂਜਿਆਂ ਦੀ ਸੇਵਾ ਕਰਨ ਅਤੇ ਭਾਈਚਾਰੇ ਨੂੰ ਅੱਗੇ ਵਧਾਉਣ ‘ਤੇ ਜ਼ੋਰ ਦਿੱਤਾ, ਜੋ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਤਾਕਤ ਦਿੰਦਾ ਹੈ।”
ਪੀ.ਐੱਮ. ਮੋਦੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਵੀ ਪਹਿਲੇ ਸਿੱਖ ਗੁਰੂ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ। ਪ੍ਰਧਾਨ ਮੰਤਰੀ ਨੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਚ ਕਿਹਾ ਸੀ ਕਿ ਸ੍ਰੀ ਗੁਰੂ ਨਾਨਕ ਦੇ ਅਨਮੋਲ ਸੰਦੇਸ਼ ਅੱਜ ਵੀ ਨਾ ਸਿਰਫ਼ ਭਾਰਤ ਲਈ, ਸਗੋਂ ਪੂਰੀ ਦੁਨੀਆ ਲਈ ਪ੍ਰੇਰਨਾਦਾਇਕ ਹਨ। ਉਨ੍ਹਾਂ ਕਿਹਾ ਕਿ ਇਹ ਸੰਦੇਸ਼ ਲੋਕਾਂ ਨੂੰ ਸਰਲ ਅਤੇ ਦੂਜਿਆਂ ਦੇ ਪ੍ਰaਤੀ ਸਮਰਪਿਤ ਹੋਣ ਲਈ ਪ੍ਰੇਰਿਤ ਕਰਦੇ ਹਨ।