ਨੌਕਰੀ ਬਹਾਨੇ ਖਾੜੀ ਦੇਸ਼ਾਂ ’ਚ ਕੀਤਾ ਜਾ ਰਿਹੈ ਲੜਕੀਆਂ ਦਾ ਸੌਦਾ
ਜਲੰਧਰ : ਅਕਤੂਬਰ ਤੇ ਨਵੰਬਰ ਮਹੀਨੇ ਦੌਰਾਨ ਹੁਣ ਤੱਕ 12 ਲੜਕੀਆਂ ਨੂੰ ਓਮਾਨ ਤੇ ਇਰਾਕ ’ਚੋਂ ਵਾਪਸ ਭਾਰਤ ਲਿਆਂਦਾ ਗਿਆ ਹੈ ਇਹ ਕਾਰਜ ਰਾਜ ਸਭਾ ਮੈਂਬਰ ਅਤੇ ਪ੍ਰਸਿੱਧ ਧਾਰਮਿਕ ਅਤੇ ਸਿਆਸੀ ਨੇਤਾ ਸੰਤ ਸੀਚੇਵਾਲ ਦੇ ਯਤਨਾਂ ਸਕਦਾ ਸੰਭਵ ਹੋ ਸਕਿਆ ਹੈ। ਉਨ੍ਹਾਂ ਦੀ ਬਦੌਲਤ 60 ਲੜਕੀਆਂ ਵਤਨ ਪਰਤੀਆਂ ਹਨ। ਇਰਾਕ ਤੋਂ ਪਰਤੀਆਂ ਦੋ ਲੜਕੀਆਂ ਨੇ ਅੱਜ ਆਪਣੀ ਹੱਡਬੀਤੀ ਸੁਣਾਈ। ਉਨ੍ਹਾਂ ਦੱਸਿਆ ਕਿ ਟਰੈਵਲ ਏਜੰਟਾਂ ਨੇ ਉਨ੍ਹਾਂ ਦਾ ਇਰਾਕ ਵਿੱਚ ਸੌਦਾ ਕੀਤਾ ਸੀ। ਇਨ੍ਹਾਂ ਲੜਕੀਆਂ ਨਾਲ ਮਲੇਸ਼ੀਆ ਤੋਂ ਇੱਕ ਲੜਕਾ ਵੀ ਵਤਨ ਪਰਤਿਆ ਹੈ, ਜੋ ਕਿ ਉੱਥੇ ਜੇਲ੍ਹ ਵਿੱਚ ਬੰਦ ਸੀ। ਇਨ੍ਹਾਂ ਲੜਕੀਆਂ ਨੇ ਅੱਜ ਸੁਲਤਾਨਪੁਰ ਲੋਧੀ ਸਥਿਤ ਨਿਰਮਲ ਕੁਟੀਆ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਧੰਨਵਾਦ ਕੀਤਾ।
ਟਰੈਵਲ ਏਜੰਟਾਂ ਦੇ ਇਸ ਗੰਭੀਰ ਜੁਰਮ ਦਾ ਸਖਤ ਨੋਟਿਸ ਲੈਂਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਅਜਿਹੇ ਟਰੈਵਲ ਏਜੰਟ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਨੂੰ ਖਾੜੀ ਦੇਸ਼ਾਂ ਵਿੱਚ ਲਿਜਾ ਕੇ ਵੇਚ ਰਹੇ ਹਨ। ਇਰਾਕ ਤੋਂ ਪਰਤੀਆਂ ਦੋਵੇਂ ਲੜਕੀਆਂ ਨੇ ਦੱਸਿਆ ਕਿ ਉਹ ਬੀਤੀ 10 ਜੁਲਾਈ ਨੂੰ ਇਰਾਕ ਗਈਆਂ ਸਨ। ਦੋਹਾਂ ਨੂੰ ਫਗਵਾੜਾ ਦੀ ਵਸਨੀਕ ਮਨਦੀਪ ਕੌਰ ਨਾਂ ਦੀ ਟਰੈਵਲ ਏਜੰਟ ਨੇ 80-80 ਹਜ਼ਾਰ ਰੁਪਏ ਲੈ ਕੇ ਪਹਿਲਾਂ ਦੁਬਈ ਭੇਜਿਆ ਤੇ ਉੱਥੇ ਅੱਠ ਘੰਟੇ ਹਵਾਈ ਅੱਡੇ ’ਤੇ ਰੁਕਣ ਮਗਰੋਂ ਇਰਾਕ ਭੇਜ ਦਿੱਤਾ ਗਿਆ। ਦੋਹਾਂ ਨੂੰ ਰੈਸਤਰਾਂ ਵਿੱਚ ਪੰਜਾਹ ਹਜਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਵਾਲੀ ਨੌਕਰੀ ਦਿਵਾਉਣ ਦੀ ਗੱਲ ਆਖੀ ਗਈ ਸੀ, ਪਰ ਲੜਕੀਆਂ ਨੂੰ ਇਰਾਕ ਪੁੱਜ ਕੇ ਪਤਾ ਲੱਗਿਆ ਕਿ ਉਨ੍ਹਾਂ ਦਾ ਸੌਦਾ ਕੀਤਾ ਗਿਆ ਹੈ। ਇਨ੍ਹਾਂ ਲੜਕੀਆਂ ਕੋਲੋਂ ਦੇਰ ਰਾਤ ਤੱਕ ਕੰਮ ਕਰਵਾਇਆ ਜਾਂਦਾ ਸੀ ਤੇ ਕੰਮ ਨਾ ਕਰਨ ਦੀ ਸੂਰਤ ਵਿੱਚ ਕੁੱਟਮਾਰ ਕੀਤੀ ਜਾਂਦੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਵਿਰੋਧ ਕਰਨ ਵਾਲੀਆਂ ਲੜਕੀਆਂ ਨੂੰ ਨਿਰਵਸਤਰ ਕਰ ਕੇ ਗੁਸਲਖਾਨਿਆਂ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ। ਸੰਤ ਸੀਚੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੂੰ ਅਪੀਲ ਕੀਤੀ ਕਿ ਅਜਿਹੇ ਟਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਨੌਕਰੀ ਬਹਾਨੇ ਖਾੜੀ ਦੇਸ਼ਾਂ ’ਚ ਕੀਤਾ ਜਾ ਰਿਹੈ ਲੜਕੀਆਂ ਦਾ ਸੌਦਾ
Date: