spot_imgspot_imgspot_imgspot_img

ਕਾਂਗਰਸ ਹਾਈਕਮਾਨ ਤੱਕ ਪੁੱਜਿਆ ਨਵਜੋਤ ਸਿੱਧੂ ਵਿਵਾਦ

Date:

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸੂਬਾ ਕਾਂਗਰਸ ਦੇ ਹੋਰ ਆਗੂਆਂ ਵਿਚਾਲੇ ਟਕਰਾਅ ਦਾ ਮਾਮਲਾ ਦਿੱਲੀ ਸਥਿਤ ਕਾਂਗਰਸ ਹਾਈਕਮਾਨ ਤੱਕ ਪਹੁੰਚ ਗਿਆ ਹੈ। ਸੂਤਰਾਂ ਮੁਤਾਬਕ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਾਜਵਾ ਤੇ ਹੋਰ ਕਾਂਗਰਸੀ ਆਗੂਆਂ ਦੀ ਬਿਆਨਬਾਜ਼ੀ ਬਾਰੇ ਰਿਪੋਰਟ ਮੰਗਵਾ ਲਈ ਹੈ। ਇਹ ਮਾਮਲਾ ਪ੍ਰਿਯੰਕਾ ਗਾਂਧੀ ਤੱਕ ਵੀ ਪਹੁੰਚਾ ਦਿੱਤਾ ਗਿਆ ਹੈ। ਹਾਈਕਮਾਨ ‘ਚ ਸਿੱਧੂ ਨੂੰ ਪ੍ਰਿਯੰਕਾ ਦਾ ਵੀ ਕਰੀਬੀ ਮੰਨਿਆ ਜਾਂਦਾ ਹੈ। ਖ਼ਾਸ ਗੱਲ ਇਹ ਹੈ ਕਿ ਸਿੱਧੂ ਖ਼ੁਦ ਇਸ ਮਾਮਲੇ ‘ਚ ਅੱਗੇ ਨਹੀਂ ਆ ਰਹੇ ਹਨ, ਸਗੋਂ ਉਨ੍ਹਾਂ ਦੇ ਜ਼ਿਆਦਾਤਰ ਸਮਰਥਕ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਹੱਕ ‘ਚ ਗੱਲ ਰੱਖ ਰਹੇ ਹਨ। ਵੀਰਵਾਰ ਨੂੰ ਦਿੱਲੀ ‘ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ਤੋਂ ਬਾਅਦ ਖੜਗੇ ਪੰਜਾਬ ਦੇ ਇਸ ਮੁੱਦੇ ਨੂੰ ਹੱਲ ਕਰਨ ਲਈ ਅਗਲੇ ਕੁੱਝ ਦਿਨਾਂ ‘ਚ ਸਿੱਧੂ ਅਤੇ ਬਾਜਵਾ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਨੂੰ ਦਿੱਲੀ ਬੁਲਾ ਸਕਦੇ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਬਠਿੰਡਾ ਦੇ ਪਿੰਡ ਮਹਿਰਾਜ ‘ਚ ਹੋਈ ਰੈਲੀ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਪਿਛਲੇ 30 ਸਾਲ ‘ਚ ਜਿੰਨੇ ਵੀ ਮੁੱਖ ਮੰਤਰੀ ਬਣੇ, ਉਹ ਤਾਂ ਜਿੱਤਦੇ ਰਹੇ ਪਰ ਪੰਜਾਬ ਹਾਰਦਾ ਰਿਹਾ। 30 ਸਾਲ ਤੱਕ ਪੰਜਾਬ ਦੇ ਮੁੱਖ ਮੰਤਰੀਆਂ ਨੇ ਵਪਾਰ ਕੀਤਾ, ਪੰਜਾਬ ਵੇਚਦੇ ਰਹੇ ਅਤੇ ਪੰਜਾਬ ਨੂੰ ਗਿਰਵੀ ਰੱਖਦੇ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸੀ. ਐੱਮ. ਨਾ ਕਿਤੇ ਦਿਸਦੇ ਹਨ ਅਤੇ ਨਾ ਹੀ ਅੱਜ ਕੋਈ ਜਿੱਤੇ, ਗੁਰੂ ਨੇ ਉਨ੍ਹਾਂ ਵਿਚੋਂ ਕਿਸੇ ਨੂੰ ਨਹੀਂ ਬਖਸ਼ਿਆ। ਉਨ੍ਹਾਂ ਦੇ ਇਸ਼ਾਰੇ ਨੂੰ ਕੈਪਟਨ ਅਮਰਿੰਦਰ ਅਤੇ ਚਰਨਜੀਤ ਸਿੰਘ ਚੰਨੀ ਵੱਲ ਮੰਨਿਆ ਜਾ ਰਿਹਾ ਸੀ, ਜੋ ਕਾਂਗਰਸ ਦੇ ਰਾਜ ਦੌਰਾਨ ਮੁੱਖ ਮੰਤਰੀ ਸਨ ਅਤੇ ਦੋਵੇਂ ਪਿਛਲੀਆਂ ਵਿਧਾਨ ਸਭਾ ਚੋਣਾਂ ਹਾਰ ਗਏ ਸਨ ਅਤੇ ਇਸ ਤੋਂ ਬਾਅਦ ਸਭ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਉਨ੍ਹਾਂ ਨੂੰ ‘ਵੱਖਰਾ ਅਖਾੜਾ’ ਲਗਾਉਣ ਦੀ ਥਾਂ ਪਾਰਟੀ ਦੇ ਪ੍ਰੋਗਰਾਮਾਂ ‘ਚ ਸ਼ਾਮਲ ਹੋਣ ਦੀ ਨਸੀਹਤ ਦਿੱਤੀ ਸੀ, ਜਦਕਿ ਪਾਰਟੀ ਦੇ ਕੁੱਝ ਹੋਰ ਸੀਨੀਅਰ ਆਗੂ ਵੀ ਉਨ੍ਹਾਂ ਨੂੰ ਕਾਂਗਰਸ ਵਿਚੋਂ ਬਰਖ਼ਾਸਤ ਕਰਨ ਦੀ ਮੰਗ ਵਾਲਾ ਸਾਂਝਾ ਬਿਆਨ ਜਾਰੀ ਕਰ ਚੁੱਕੇ ਹਨ।

ਸਿੱਧੂ ਖਿਲਾਫ਼ ਟਿੱਪਣੀਆਂ ਕਰਨ ਵਾਲੇ ਆਗੂਆਂ ਖ਼ਿਲਾਫ਼ ਅਨੁਸ਼ਾਸਨਤਮਕ ਕਾਰਵਾਈ ਦੀ ਮੰਗ

ਇਸ ਵਿਚਕਾਰ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਕਮਿਊਨੀਕੇਸ਼ਨ ਵਿਭਾਗ ਦੇ ਗੌਤਮ ਸੇਠ ਨੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੂੰ ਪੱਤਰ ਲਿਖ ਕੇ ਪੰਜਾਬ ‘ਚ ਪਾਰਟੀ ਦੇ ਹਿੱਤਾਂ ਨੂੰ ਠੇਸ ਪਹੁੰਚਾਉਣ ਲਈ ਨਵਜੋਤ ਸਿੱਧੂ ਖ਼ਿਲਾਫ਼ ਟਿੱਪਣੀਆਂ ਕਰਨ ਵਾਲੇ ਆਗੂਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਨ੍ਹਾਂ ਨੇਤਾਵਾਂ ਦੇ ਬਿਆਨ ਅਤੇ ਪ੍ਰੈੱਸ ਬਿਆਨ ਵੀ ਖੜਗੇ ਨੂੰ ਭੇਜੇ ਹਨ। ਪੱਤਰ ‘ਚ ਗੌਤਮ ਸੇਠ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਾਰਟੀ ਦੇ ਹੀ ਕੁਝ ਨੇਤਾਵਾਂ ਨੇ ਅਣਚਾਹੇ ਅਤੇ ਮੰਦਭਾਗੇ ਬਿਆਨ ਦਿੱਤੇ ਹਨ, ਜਿਸ ਨਾਲ ਪੰਜਾਬ ‘ਚ ਕਾਂਗਰਸ ਦੀ ਇਕਜੁੱਟਤਾ ਨੂੰ ਵੱਡੀ ਸੱਟ ਵੱਜੀ ਹੈ। ਕਾਂਗਰਸ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰ ਕੇ ਪਾਰਟੀ ਦਾ ਪ੍ਰਚਾਰ ਕਰਨ ਦਾ ਹਰ ਕਾਂਗਰਸੀ ਵਰਕਰ ਦਾ ਅਧਿਕਾਰ ਹੈ ਪਰ ਇਹ ਮੰਦਭਾਗਾ ਹੈ ਕਿ ਨਵਜੋਤ ਸਿੱਧੂ ਵਲੋਂ ਇਕ ਰੈਲੀ ਨੂੰ ਸੰਬੋਧਨ ਕਰਨ ’ਤੇ ਕੁੱਝ ਨੇਤਾ ਆਪਣੇ ਨਿੱਜੀ ਹਿੱਤਾਂ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਉਨ੍ਹਾਂ ਕਿਹਾ ਕਿ ਸਿੱਧੂ ਨੇ ਉਸ ਰੈਲੀ ‘ਚ ਸਟੇਜ ਤੋਂ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਬੋਲਿਆ, ਜਿਸ ‘ਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਦੇ ਬੈਨਰ ਲੱਗੇ ਹੋਏ ਸਨ। ਕਾਂਗਰਸ ਹਮੇਸ਼ਾ ਟੀਮ ਵਰਕ ਅਤੇ ਸਵੀਕਾਰਤਾ ਦੀਆਂ ਕਦਰਾਂ-ਕੀਮਤਾਂ ਨਾਲ ਖੜ੍ਹੀ ਰਹੀ ਹੈ ਪਰ ਕੁਝ ਆਗੂਆਂ ਦੇ ਬੇਤੁਕੇ ਬਿਆਨ ਪੰਜਾਬ ‘ਚ ਪਾਰਟੀ ਲਈ ਨਮੋਸ਼ੀ ਦਾ ਕਾਰਨ ਬਣੇ ਹੋਏ ਹਨ। ਇਸੇ ਕੜੀ ਵਿਚ ਮਾਲਵਿੰਦਰ ਸਿੰਘ ਮੱਲ੍ਹੀ ਨੇ ਪ੍ਰਤਾਪ ਬਾਜਵਾ ’ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਨੂੰ ਕਾਂਗਰਸੀ ਵਿਧਾਇਕਾਂ ਦੀ ਗਿਣਤੀ 78 ਤੋਂ ਘਟਾ ਕੇ 18 ਕਰਨ ਲਈ ਜ਼ਿੰਮੇਵਾਰ ਠਹਿਰਾਇਆ ਸੀ। ਜਦੋਂ ਸਿੱਧੂ 2021 ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਤਾਂ ਉਨ੍ਹਾਂ ਨੇ ਮੱਲ੍ਹੀ ਨੂੰ ਸਲਾਹਕਾਰ ਨਿਯੁਕਤ ਕੀਤਾ। ਮੱਲ੍ਹੀ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਕੇ ਦਲਿਤ ਪੱਤਾ ਖੇਡਿਆ ਗਿਆ, ਜਦਕਿ ਨਵਜੋਤ ਸਿੰਘ ਸਿੱਧੂ ਦੇ ਲੁੱਟ-ਖੋਹ ਨੂੰ ਖ਼ਤਮ ਕਰਨ ਦੇ ਏਜੰਡੇ ਨੂੰ ਨਕਾਰ ਦਿੱਤਾ ਗਿਆ ਸੀ। ਉਨ੍ਹਾਂ ਬਾਜਵਾ ਨੂੰ ਕਿਹਾ ਕਿ ਹੁਣ ਰੈਲੀ ‘ਚ ਵੀ ਨਵਜੋਤ ਸਿੱਧੂ ਨੇ ਸਰਕਾਰ ਦੀਆਂ ਨੀਤੀਆਂ ’ਤੇ ਹਮਲਾ ਬੋਲਿਆ ਹੈ, ਤੁਸੀਂ ਇਸ ਗੱਲ ਤੋਂ ਪਰੇਸ਼ਾਨ ਕਿਉਂ ਹੋ ਰਹੇ ਹੋ? ਬਾਜਵਾ ਦੀ ਵੱਖਰੇ ਅਖਾੜੇ ਦੀ ਟਿੱਪਣੀ ’ਤੇ ਮੱਲ੍ਹੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰ ਆਈ. ਐੱਨ. ਡੀ. ਆਈ. ਏ. ਗੱਠਜੋੜ ਨੂੰ ਖ਼ੁਦ ਰੱਦ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਸ ਫ਼ੈਸਲੇ ਨੂੰ ਪੰਜਾਬ ਵਿਚ ਲਾਗੂ ਨਹੀਂ ਕਰਨਗੇ, ਤਾਂ ਕੀ ਇਹ ਹਾਈਕਮਾਂਡ ਖ਼ਿਲਾਫ਼ ਵੱਖਰਾ ਅਖਾੜਾ ਨਹੀਂ ਹੈ? ਪਰ ਜਦੋਂ ਸਿੱਧੂ ਕਹਿੰਦੇ ਹਨ ਕਿ ਉਹ ਪਾਰਟੀ ਲੀਡਰਸ਼ਿਪ ਦੇ ਫ਼ੈਸਲੇ ’ਤੇ ਡਟੇ ਰਹਿਣਗੇ ਅਤੇ ਪੰਜਾਬ ਲਈ ਲੜਨਗੇ ਤਾਂ ਇਹ ਵੱਖਰਾ ਮੰਚ ਕਿਵੇਂ ਬਣ ਗਿਆ?

ਅਕਸਰ ਵਿਵਾਦਾਂ ‘ਚ ਰਹੇ ਹਨ ਸਿੱਧੂ

ਵਿਵਾਦਾਂ ਨਾਲ ਨਵਜੋਤ ਸਿੱਧੂ ਦਾ ਪੁਰਾਣਾ ਨਾਤਾ ਰਿਹਾ ਹੈ। ਚਾਹੇ ਕ੍ਰਿਕਟ ਖੇਡਦੇ ਹੋਏ ਕੈਪਟਨ ਅਜ਼ਹਰੂਦੀਨ ਨਾਲ ਝਗੜੇ ਤੋਂ ਬਾਅਦ ਇੰਗਲੈਂਡ ਦੌਰੇ ਤੋਂ ਪਰਤਣਾ ਹੋਵੇ ਜਾਂ ਪਾਕਿਸਤਾਨ ‘ਚ ਇਮਰਾਨ ਖਾਨ ਦੀ ਤਾਜਪੋਸ਼ੀ ਦੌਰਾਨ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਜੱਫ਼ੀ ਪਾਉਣਾ ਹੋਵੇ। ਪਿਛਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਜਦੋਂ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਵਿਭਾਗ ਬਦਲਿਆ ਤਾਂ ਉਨ੍ਹਾਂ ਨੇ ਨਵੇਂ ਵਿਭਾਗ ਦਾ ਚਾਰਜ ਵੀ ਨਹੀਂ ਲਿਆ। ਸਿੱਧੂ ਕੈਪਟਨ ਦੇ ਸੱਤਾ ਵਿਚ ਹੁੰਦਿਆਂ ਅਕਸਰ ਹੀ ਬਿਆਨਾਂ ਰਾਹੀਂ ਆਪਣੀ ਹੀ ਸਰਕਾਰ ਨੂੰ ਅਜਿਹੇ ਹਾਲਾਤਾਂ ਵਿਚ ਪਹੁੰਚਾਉਂਦੇ ਰਹੇ ਹਨ, ਜਿਸ ਨਾਲ ਪਾਰਟੀ ਅਤੇ ਸਰਕਾਰ ਲਈ ਨਮੋਸ਼ੀ ਭਰੇ ਹਾਲਾਤ ਪੈਦਾ ਹੋਏ। ਜਦੋਂ ਉਹ ਅੰਮ੍ਰਿਤਸਰ ਤੋਂ ਭਾਜਪਾ ਦੇ ਸੰਸਦ ਮੈਂਬਰ ਸਨ ਤਾਂ 2014 ਵਿਚ ਜਦੋਂ ਅਰੁਣ ਜੇਤਲੀ ਨੂੰ ਉਥੋਂ ਉਮੀਦਵਾਰ ਬਣਾਇਆ ਗਿਆ ਸੀ ਤਾਂ ਉਹ ਚੋਣ ਪ੍ਰਚਾਰ ਛੱਡ ਕੇ ਚਲੇ ਗਏ ਸਨ ਤੇ ਚੋਣਾਂ ਖ਼ਤਮ ਹੁੰਦੇ ਹੀ ਵਾਪਸ ਪਰਤ ਆਏ ਸਨ। ਭਾਜਪਾ ਵਿਚ ਰਹਿੰਦਿਆਂ ਕਾਂਗਰਸ ਦੇ ਦਿੱਗਜਾਂ ਦਾ ਉਨ੍ਹਾਂ ਨੇ ਮਜ਼ਾਕੀਆ ਸ਼ਬਦਾਂ ਵਿਚ ਨਾਮਕਰਣ ਵੀ ਕਰ ਦਿੱਤਾ ਸੀ, ਜੋ ਸੋਸ਼ਲ ਮੀਡੀਆ ’ਤੇ ਹੁਣ ਤੱਕ ਵਾਇਰਲ ਹੁੰਦੇ ਹਨ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related