ਕਿਸਾਨ ਵੱਲੋਂ ਕਰਜੇ ਕਾਰਨ ਖੁਦਕੁਸ਼ੀ
ਚੰਡੀਗ਼ੜ੍ਹ: ਜ਼ਿਲ੍ਹਾ ਮਾਨਸਾ ਦੇ ਨੇੜਲੇ ਪਿੰਡ ਮੂਸਾ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਗੁਰਪ੍ਰੀਤ ਸਿੰਘ (32) ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਹੈ। 10 ਲੱਖ ਰੁਪਏ ਦੇ ਕਰਜ਼ਦਾਰ ਹੇਠ ਦੱਬਿਆ ਮਿ੍ਰਤਕ ਗੁਰਪ੍ਰੀਤ ਸਿੰਘ ਆਪਣੇ ਪਿੱਛੇ ਪਤਨੀ, ਸੱਤ ਸਾਲ ਦਾ ਪੁੱਤਰ ਅਤੇ ਬਜ਼ੁਰਗ ਪਿਤਾ ਛੱਡ ਗਿਆ ਹੈ। ਪੀੜਤ ਪਰਿਵਾਰ ਨੇ ਸਰਕਾਰ ਤੋਂ ਕਰਜ਼ਾ ਮੁਆਫ਼ੀ ਦੇ ਨਾਲ ਮੁਆਵਜ਼ੇ ਦੀ ਮੰਗ ਕੀਤੀ ਹੈ। ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਪ੍ਰੀਤ ਦੀ ਮਾਤਾ ਦੇ ਇਲਾਜ ਕਾਰਨ ਉਸ ਦੇ ਸਿਰ ’ਤੇ ਕਰਜ਼ਾ ਚੜ੍ਹ ਗਿਆ। ਮਗਰੋਂ ਉਸ ਦੀ ਮਾਤਾ ਦਾ ਦੇਹਾਂਤ ਹੋ ਗਿਆ। ਗੁਰਪ੍ਰੀਤ ਨੇ ਕੁੱਝ ਮਹੀਨੇ ਪਹਿਲਾਂ ਕਰਜ਼ਾ ਲੈ ਕੇ ਟਰੈਕਟਰ ਖਰੀਦਿਆ ਸੀ ਪਰ ਇਸ ਦੇ ਬਾਵਜੂੁਦ ਕੰਮ ਨਾ ਚੱਲਿਆ, ਜਿਸ ਕਰ ਕੇ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ। ਥਾਣਾ ਸਦਰ ਦੀ ਪੁਲੀਸ ਨੇ ਮਿ੍ਰਤਕ ਦੀ ਪਤਨੀ ਮਨਪ੍ਰੀਤ ਕੌਰ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।