ਪੰਜਾਬ ਦੇ ਲੋਕਾਂ ਨੂੰ ਚੁੱਕਣਾ ਪਵੇਗਾ ਗੋਇੰਦਵਾਲ ਥਰਮਲ ਪਲਾਂਟ ਦਾ ਕਰਜਾ: ਸਿੱਧੂ
ਮੋਗਾ:ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਾਨ ਸਰਕਾਰ ’ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਗੋਇੰਦਵਾਲ ਥਰਮਲ ਪਾਵਰ ਪਲਾਂਟ ਨੂੰ ਚਿੱਟਾ ਹਾਥੀ ਗਰਦਾਨਿਆ। ਉਨ੍ਹਾਂ ਇਹ ਗੱਲ ਇਥੇ ਪਿੰਡ ਖੋਟੇ ਵਿਖੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਘਰ ਮੀਡੀਆ ਨਾਲ ਗੱਲਬਾਤ ਕਰਦਿਆਂ ਆਖੀ।
ਇਸ ਮੌਕੇ ਸ੍ਰੀ ਸਿੱਧੂ ਨੇ ਦਾਅਵਾ ਕੀਤਾ ਕਿ ਗੋਇੰਦਵਾਲ ਥਰਮਲ ਪਾਵਰ ਪਲਾਂਟ ’ਤੇ ਪਹਿਲਾਂ ਹੀ 6600 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ। ਉਨ੍ਹਾਂ ਸੂਬੇ ਦੀ ਆਰਥਿਕ ਸਥਿਤੀ ’ਤੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਇਹ ਦੱਸਣ ਕਿ ਇਹ ਕਰਜਾ ਹੁਣ ਕੌਣ ਉਤਾਰੇਗਾ। ਇਸ ਦਾ ਬੋਝ ਹੁਣ ਪੰਜਾਬ ਦੇ ਲੋਕਾਂ ਨੂੰ ਚੁੱਕਣਾ ਪਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਝੂਠੇ ਦਾਅਵਿਆਂ ਨਾਲ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਕੇ ਸਰਕਾਰ ਬਣਾਈ। ਚੋਣਾਂ ਦੌਰਾਨ ਜੋ ਵਾਅਦੇ ਕੀਤੇ ਗਏ ਸਨ ਉਹ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਰੇਤੇ ਦੀ ਟਰਾਲੀ 2100 ਰੁਪਏ ਦੀ ਮਿਲਦੀ ਸੀ ਜੋ ਹੁਣ 21 ਹਜ਼ਾਰ ਦੀ ਵਿਕ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ਧਰਨਿਆਂ ਵਾਲਾ ਸੂਬਾ ਬਣ ਗਿਆ ਹੈ। ਮੁੱਖ ਮੰਤਰੀ ਆਪਣੇ ਜੱਦੀ ਘਰ ਵੀ ਨਹੀਂ ਜਾ ਸਕਦੇ ਜਿਸ ਦਾ ਸਬੂਤ ਜੱਦੀ ਜਲ੍ਹਿੇ ਸੰਗਰੂਰ ਵਿੱਚ ਉਨ੍ਹਾਂ ਦੇ ਘਰ ਅੱਗੇ ਲੱਗ ਰਹੇ ਧਰਨੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਪੰਜ ਰਾਜਾਂ ਦੀਆਂ ਚੋਣਾਂ ਵਿੱਚ ‘ਆਪ’ ਨੂੰ ਅੱਧਾ ਫ਼ੀਸਦੀ ਵੋਟ ਵੀ ਨਹੀਂ ਪਈ। ਉਨ੍ਹਾਂ ਕਿਹਾ ਕਿ ਕੌਮੀ ਪਾਰਟੀ ਅਖਵਾਉਣ ਵਾਲੀ ‘ਆਪ’ ਦਾ ਦੇਸ਼ ਦੀ ਸੰਸਦ ਵਿੱਚ ਕਾਂਗਰਸ ਪਿਛੋਕੜ ਵਾਲਾ ਇੱਕੋ ਇੱਕ ਮੈਂਬਰ ਹੈ।