ਆਪ’ ਤੇ ਕਾਂਗਰਸ ’ਚ ਸਿਆਸੀ ਗੱਠਜੋੜ ਦੇ ਆਸਾਰ ਬਹੁਤ ਮੱਧਮ

ਆਪ’ ਤੇ ਕਾਂਗਰਸ ’ਚ ਸਿਆਸੀ ਗੱਠਜੋੜ ਦੇ ਆਸਾਰ ਬਹੁਤ ਮੱਧਮ

0
159

‘ਆਪ’ ਤੇ ਕਾਂਗਰਸ ’ਚ ਸਿਆਸੀ ਗੱਠਜੋੜ ਦੇ ਆਸਾਰ ਬਹੁਤ ਮੱਧਮ

ਚੰਡੀਗੜ੍ਹ : ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦਰਮਿਆਨ ਪੰਜਾਬ ਵਿਚ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਿਸੇ ਤਰ੍ਹਾਂ ਦਾ ਸਿਆਸੀ ਗੱਠਜੋੜ ਹੋਣ ਦੀ ਸੰਭਾਵਨਾ ਖਟਾਈ ਵਿਚ ਪੈ ਗਈ ਜਾਪਦੀ ਹੈ। ਪੰਜਾਬ ਵਿਚ ਸਿਆਸੀ ਗੱਠਜੋੜ ਬਣਨ ਤੋਂ ਪਹਿਲਾਂ ਹੀ ਦੋਵਾਂ ਧਿਰਾਂ ਦੇ ਰਾਹ ਅੱਡ ਹੋ ਗਏ ਜਾਪਦੇ ਹਨ ਕਿਉਂਕਿ ਦੋਹਾਂ ਨੇ ਵੱਖੋ-ਵੱਖਰੇ ਤੌਰ ’ਤੇ ਚੋਣ ਲੜਨ ਦੀ ਤਿਆਰੀ ਵਿੱਢ ਦਿੱਤੀ ਹੈ ਹਾਲਾਂਕਿ ਪੰਜਾਬ ਕਾਂਗਰਸ ਦਾ ਇੱਕ ਧੜਾ, ਜਿਸ ਵਿਚ ਕਈ ਮੌਜੂਦਾ ਸੰਸਦ ਮੈਂਬਰ ਵੀ ਸਾਮਲ ਹਨ, ‘ਆਪ’ ਨਾਲ ਗੱਠਜੋੜ ਲਈ ਤਤਪਰ ਸਨ।

‘ਆਪ’ ਵੱਲੋਂ ਆਉਂਦੇ ਦਿਨਾਂ ਵਿਚ ਪੰਜਾਬ ਵਿਚ ਇਕੱਲੇ ਚੋਣਾਂ ਲੜਨ ਦਾ ਰਸਮੀ ਐਲਾਨ ਕੀਤੇ ਜਾਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ‘ਏਕ ਥੀ ਕਾਂਗਰਸ’ ਵਾਲਾ ਬਿਆਨ ਦਾਗ ਕੇ ਆਪਣਾ ਸਿਆਸੀ ਨਜ਼ਰੀਆ ਇੱਕ ਤਰ੍ਹਾਂ ਨਾਲ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ। ਸੂਤਰਾਂ ਮੁਤਾਬਕ ਪੰਜਾਬ ਵਿਚ ਇਕੱਲੇ ਚੋਣਾਂ ਲੜਨ ਬਾਰੇ ਸੂਬਾਈ ਲੀਡਰਸ਼ਿਪ ਦੀ ‘ਆਪ’ ਦੀ ਕੇਂਦਰੀ ਲੀਡਰਸ਼ਿਪ ਨਾਲ ਵੀ ਗੈਰਰਸਮੀ ਗੱਲਬਾਤ ਹੋ ਗਈ ਹੈ ਅਤੇ ਆਉਂਦੇ ਦਿਨਾਂ ਵਿਚ ਰਸਮੀ ਐਲਾਨ ਹੋਣ ਦੀ ਸੰਭਾਵਨਾ ਹੈ।

ਉਧਰ ਪੰਜਾਬ ਕਾਂਗਰਸ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਨੇ ਵੀ 26 ਦਸੰਬਰ ਨੂੰ ਪਾਰਟੀ ਹਾਈਕਮਾਂਡ ਨੂੰ ਆਪਣੀ ਸਿਆਸੀ ਫੀਡ ਬੈਕ ਦਿੰਦਿਆਂ ਚੋਣ ਮੈਦਾਨ ਵਿਚ ਇਕੱਲਿਆਂ ਉੱਤਰਨ ਦੀ ਸਲਾਹ ਦਿੱਤੀ ਸੀ। ਆਲ ਇੰਡੀਆ ਕਾਂਗਰਸ ਕਮੇਟੀ ਦੀ ਅੱਜ ਦੀ ਬੈਠਕ ਵਿਚ ਪੰਜਾਬ ਦੇ ਨੇਤਾਵਾਂ ਨੇ ਸਿਆਸੀ ਗੱਠਜੋੜ ਨਾ ਕਰਨ ਵਾਲਾ ਆਪਣਾ ਪੁਰਾਣਾ ਸਟੈਂਡ ਦੁਹਰਾਇਆ ਹੈ। ਬੈਠਕ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਲ ਹੋਏ। ਰਾਜਾ ਵੜਿੰਗ ਨੇ ਮੀਟਿੰਗ ਉਪਰੰਤ ਜਾਰੀ ਬਿਆਨ ਵਿਚ ਪੰਜਾਬ ਵਿਚ ਸਿਆਸੀ ਗੱਠਜੋੜ ਨਾ ਹੋਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਾਈਕਮਾਂਡ ਨੇ ਪੰਜਾਬ ਵਿਚ 13 ਸੀਟਾਂ ’ਤੇ ਇਕੱਲਿਆਂ ਚੋਣ ਲੜਨ ਦਾ ਇਸ਼ਾਰਾ ਕੀਤਾ ਹੈ। ਉਨ੍ਹਾਂ ਸਾਫ ਕਰ ਦਿੱਤਾ ਕਿ ਪੰਜਾਬ ਵਿਚ ਗੱਠਜੋੜ ਜਾਂ ਸੀਟਾਂ ਦੀ ਵੰਡ ਨੂੰ ਲੈ ਕੇ ਨਾ ਪਹਿਲਾਂ ਅਤੇ ਨਾ ਹੀ ਅੱਜ ਕੋਈ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 13 ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਹੈ। ਆਉਂਦੇ 3-4 ਮਹੀਨਿਆਂ ਵਿਚ ਉਮੀਦਵਾਰਾਂ ਦੀ ਚੋਣ ਅਤੇ ਹੋਰ ਰਣਨੀਤੀ ਘੜੀ ਜਾਵੇਗੀ। ਦੋਵਾਂ ਧਿਰਾਂ ਨੂੰ ਲੱਗਦਾ ਹੈ ਕਿ ਪੰਜਾਬ ਵਿਚ ਇਕੱਠੇ ਹੋ ਕੇ ਚੋਣਾਂ ਲੜਨਾ ਘਾਟੇ ਦਾ ਸੌਦਾ ਹੋ ਸਕਦਾ ਹੈ ਅਤੇ ਖਾਸ ਕਰਕੇ ਕਾਂਗਰਸ ਨੂੰ ਇਹ ਸੌਦਾ ਮੁਆਫਕ ਨਹੀਂ ਲੱਗਦਾ ਹੈ।

LEAVE A REPLY

Please enter your comment!
Please enter your name here