ਮੁੱਖ ਮੰਤਰੀ ਵੱਲੋਂ 410 ਹਾਈ-ਟੈੱਕ ਪੁਲੀਸ ਵਾਹਨਾਂ ਨੂੰ ਹਰੀ ਝੰਡੀ
ਫਿਲੌਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੋਂ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲੀਸ ਅਕੈਡਮੀ ਵਿੱਚ 410 ਨਵੇਂ ਹਾਈ-ਟੈੱਕ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲੀ ਵਾਰ ਥਾਣਾ ਮੁਖੀਆਂ ਨੂੰ ਨਵੇਂ ਵਾਹਨ ਦਿੱਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਨਵੇਂ ਵਾਹਨ ਸਿਰਫ ਉੱਚ ਅਧਿਕਾਰੀਆਂ ਨੂੰ ਦਿੱਤੇ ਜਾਂਦੇ ਸਨ। ਇਨ੍ਹਾਂ ਵਾਹਨਾਂ ਵਿੱਚ ਜ਼ਿਲ੍ਹਿਆਂ ਦੇ ਥਾਣਿਆਂ ਦੇ ਐੱਸਐੱਚਓਜ਼ ਲਈ 315 ਗੱਡੀਆਂ ਸ਼ਾਮਲ ਹਨ। ਇਨ੍ਹਾਂ ਵਿੱਚ 274 ਮਹਿੰਦਰਾ ਸਕਾਰਪੀਓ ਅਤੇ 41 ਇਸੁਜੂ ਹਾਈ ਲੈਂਡਰ ਸ਼ਾਮਲ ਹਨ। ਔਰਤਾਂ ਦੀ ਸੁਰੱਖਿਆ ਲਈ 71 ਕੀਆ ਕੇਰੇਂਸ ਅਤੇ 24 ਟਾਟਾ ਟਿਆਗੋ ਈਵੀ ਵੀ ਦਿੱਤੀਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਨੇ ਪੰਦਰਵਾੜੇ ਦੇ ਅੰਦਰ ਮੌਤ ਦਰ ਨੂੰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਔਸਤਨ 17 ਮੌਤਾਂ ਪ੍ਰਤੀ ਦਿਨ ਹੁੰਦੀਆਂ ਸਨ, ਜਦਕਿ ਇਕ ਫਰਵਰੀ ਨੂੰ ਜਦੋਂ ਤੋਂ ਇਸ ਫੋਰਸ ਨੂੰ ਸੜਕਾਂ ਉਤੇ ਤਾਇਨਾਤ ਕੀਤਾ ਗਿਆ ਹੈ, ਤੋਂ ਲੈ ਕੇ 15 ਦਿਨਾਂ ਦੇ ਅੰਦਰ 13 ਮੌਤਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਦੀ ਸੁਰੱਖਿਆ ਅਤੇ ਹਿਫਾਜ਼ਤ ਲਈ ਅੱਠ ਵਿਸ਼ੇਸ਼ ਮਹਿਲਾ ਥਾਣੇ ਬਣਾਏ ਗਏ ਹਨ।
