ਸੰਭਲ ਮਸਜਿਦ ਵਿਵਾਦ ‘ਤੇ ਸੁਪਰੀਮ ਕੋਰਟ ਦਾ ਅਹਿਮ ਨਿਰਦੇਸ਼, ‘ਹੇਠਲੀ ਅਦਾਲਤ ਕੋਈ ਕਾਰਵਾਈ ਨਾ ਕਰੇ’
ਸੰਭਲ ਜ਼ਿਲ੍ਹੇ ‘ਚ ਸਥਿਤ ਜਾਮਾ ਮਸਜਿਦ ਬਨਾਮ ਹਰਿਹਰ ਮੰਦਰ ਵਿਵਾਦ ਮਾਮਲੇ ‘ਚ ਮਸਜਿਦ ਪੱਖ ਦੀ ਪਟੀਸ਼ਨ ‘ਤੇ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਹੇਠਲੀ ਅਦਾਲਤ ਦੇ ਹੁਕਮਾਂ ਖ਼ਿਲਾਫ਼ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਚੀਫ਼ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਸੰਜੇ ਕੁਮਾਰ ਦੀ ਬੈਂਚ ਨੇ ਸਖ਼ਤ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਵਿਚ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖੀ ਜਾਵੇ ਤੇ ਹੇਠਲੀ ਅਦਾਲਤ ਨੂੰ ਵੀ ਕਿਹਾ ਕਿ ਸਬੰਧਿਤ ਮਾਮਲੇ ’ਚ ਫਿਲਹਾਲ ਕੋਈ ਐਕਸ਼ਨ ਨਾ ਲਵੇਜਦੋਂ ਸ਼ੁੱਕਰਵਾਰ ਨੂੰ ਸੰਭਲ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਮਸਜਿਦ ਕਮੇਟੀ ਨੇ ਦਲੀਲ ਦਿੰਦਿਆਂ ਕਿਹਾ ਕਿ ਸਰਵੇ ਦਾ ਹੁਕਮ ਉਸੇ ਦਿਨ ਆ ਗਿਆ, ਜਿਸ ਦਿਨ ਅਰਜ਼ੀ ਦਾਖਲ ਕੀਤੀ ਗਈ ਸੀ ਤੇ ਦੋਵਾਂ ਦੀ ਹੀ ਤਰੀਕ 19 ਨਵੰਬਰ ਸੀ। ਇੰਨਾ ਹੀ ਨਹੀਂ, ਉਸੇ ਦਿਨ ਸ਼ਾਮ 6 ਵਜੇ ਤੋਂ 8.30 ਵਜੇ ਤਕ ਸਰਵੇ ਵੀ ਹੋਇਆ। ਜਦੋਂ ਮਸਜਿਦ ਕਮੇਟੀ ਕਾਨੂੰਨੀ ਸਲਾਹ ਲੈਣ ਦੀ ਤਿਆਰੀ ਕਰ ਰਹੀ ਸੀ ਤਾਂ ਉਨ੍ਹਾਂ ਨੂੰ 23 ਨਵੰਬਰ ਦੀ ਅੱਧੀ ਰਾਤ ਨੂੰ ਪਤਾ ਲੱਗਿਆ ਕਿ ਸਰਵੇ ਅਗਲੇ ਹੀ ਦਿਨ ਹੋਵੇਗਾ। 24 ਨਵੰਬਰ ਨੂੰ ਸਵੇਰੇ 6.15 ਵਜੇ ਸਰਵੇ ਕਰਨ ਵਾਲੀ ਟੀਮ ਵੀ ਮਸਜਿਦ ਪਹੁੰਚ ਗਈ ਤੇ ਸਵੇਰ ਦੀ ਨਮਾਜ਼ ਲਈ ਇਕੱਠੇ ਹੋਏ ਨਮਾਜ਼ੀਆਂ ਨੂੰ ਉੱਥੋਂ ਜਾਣ ਲਈ ਕਿਹਾ ਗਿਆ।।