ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਟਰਾਂਸਪੋਰਟ ਟੈਂਡਰ ਘੁਟਾਲੇ ਦੇ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਦੇ ਸੀਲ ਕੀਤੇ ਬੈਂਕ ਲਾਕਰਾਂ ਵਿੱਚੋਂ 4 ਕਿਲੋ ਸੋਨੇ ਦੇ ਗਹਿਣੇ ਜ਼ਬਤ ਕੀਤੇ ਹਨ। ਇਨ੍ਹਾਂ ਦੀ ਕੀਮਤ ਕਰੀਬ 2.12 ਕਰੋੜ ਰੁਪਏ ਹੈ।
ਏਜੰਸੀ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਟੀਮ ਨੇ 4 ਸਤੰਬਰ ਨੂੰ ਲੁਧਿਆਣਾ ਵਿੱਚ ਜ਼ਬਤ ਕੀਤੇ ਬੈਂਕ ਲਾਕਰਾਂ ਦੀ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) 2002 ਦੇ ਉਪਬੰਧਾਂ ਤਹਿਤ ਤਲਾਸ਼ੀ ਲਈ ਹੈ। ਈਡੀ ਵੱਲੋਂ ਫਰੀਜ਼ ਕੀਤੇ ਗਏ ਛੇ ਬੈਂਕ ਲਾਕਰਾਂ ’ਚੋਂ ਚਾਰ ਦੀ ਪੜਤਾਲ ਦੌਰਾਨ ਚਾਰ ਕਿੱਲੋ ਸੋਨਾ ਬਰਾਮਦ ਹੋਇਆ ਹੈ।
ਹਾਸਲ ਜਾਣਕਾਰੀ ਅਨੁਸਾਰ ਈਡੀ ਨੇ ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਬੈਂਕ ਲਾਕਰਾਂ ਦੀ ਤਲਾਸ਼ੀ ਲਈ ਸੀ, ਜਿਸ ’ਚੋਂ ਗਹਿਣੇ ਤੇ ਹੋਰ ਕੀਮਤੀ ਸਾਮਾਨ ਮਿਲਿਆ ਸੀ। ਹੁਣ ਤੱਕ ਇਸ ਮਾਮਲੇ ’ਚ ਜ਼ਬਤ ਕੀਤੀ ਗਈ ਕੁੱਲ ਰਕਮ 8.6 ਕਰੋੜ ਹੋ ਗਈ ਹੈ। ਹੁਣ ਇਹ ਵੀ ਚਰਚਾ ਹੈ ਕਿ ਈਡੀ ਵੱਲੋਂ ਜ਼ਮਾਨਤ ’ਤੇ ਬਾਹਰ ਆਏ ਮੁਲਜ਼ਮਾਂ ਦਾ ਡਾਟਾ ਵੀ ਕਢਵਾਇਆ ਜਾ ਰਿਹਾ ਹੈ।
ਸੂਤਰਾਂ ਅਨੁਸਾਰ ਈਡੀ ਨੇ ਵਿਜੀਲੈਂਸ ਤੋਂ ਮਾਮਲੇ ਦੀ ਜਾਂਚ ਅੱਗੇ ਵਧਾਉਣ ਲਈ ਕੁਝ ਡਾਟਾ ਮੰਗਿਆ ਹੈ ਤੇ ਇਸ ਮਾਮਲੇ ’ਚ ਨਾਮਜ਼ਦ ਸਾਰੇ ਮੁਲਜ਼ਮਾਂ ਨੂੰ ਜਲਦੀ ਪੁੱਛ-ਪੜਤਾਲ ਲਈ ਸੱਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਈਡੀ ਨੇ ਸਾਬਕਾ ਮੰਤਰੀ ਦੇ ਨਜ਼ਦੀਕੀਆਂ ਦੀ ਸੂਚੀ ਤਿਆਰ ਕਰ ਲਈ ਹੈ, ਜਿਨ੍ਹਾਂ ਨੂੰ ਜਾਂਚ ’ਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ।