ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਦੀ ਪਤਨੀ ਗਿ੍ਰਫ਼ਤਾਰ
ਮੁਹਾਲੀ (ਪੱਤਰ ਪ੍ਰੇਰਕ): ਵਿਜੀਲੈਂਸ ਬਿਊਰੋ ਪੰਜਾਬ ਨੇ ਪਰਲਜ਼ ਗੋਲਡਨ ਫੋਰੈਸਟ (ਪੀਜੀਐਫ਼) ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਨਿਰਮਲ ਸਿੰਘ ਭੰਗੂ ਦੀ ਪਤਨੀ ਪ੍ਰੇਮ ਕੌਰ ਭੰਗੂ ਵਾਸੀ ਫੇਜ਼-7 ਮੁਹਾਲੀ ਨੂੰ ਵੀ ਅੱਜ ਗਿ੍ਰਫ਼ਤਾਰ ਕਰ ਲਿਆ ਹੈ, ਜੋ ਕਾਫ਼ੀ ਸਮੇਂ ਤੋਂ ਤਫ਼ਤੀਸ਼ ਵਿੱਚ ਸ਼ਾਮਲ ਨਾ ਹੋ ਕੇ ਗਿ੍ਰਫ਼ਤਾਰੀ ਤੋਂ ਬਚਦੀ ਆ ਰਹੀ ਸੀ। ਉਸ ਨੂੰ ਪਰਲਜ ਗਰੁੱਪ ਘੁਟਾਲੇ ਸਬੰਧੀ ਜਾਇਦਾਦ ਹੜੱਪਣ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਉਸ ਨੇ ਪੰਜਾਬ ਵਿੱਚ ਪਰਲਜ ਗਰੁੱਪ ਦੀਆਂ ਸਹਾਇਕ/ਸਮੂਹ ਕੰਪਨੀਆਂ ਬਾਰੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਸਬੰਧਤ ਜਾਇਦਾਦਾਂ ਨੂੰ ਵੇਚਣ ਲਈ ਆਪਣੇ ਨਜ਼ਦੀਕੀਆਂ ਨੂੰ ਅਧਿਕਾਰਤ ਕੀਤਾ ਹੋਇਆ ਸੀ। ਉਸ ਖ਼ਿਲਾਫ਼ ਜ਼ੀਰਾ ਵਿੱਚ ਪਰਚਾ ਦਰਜ ਕੀਤਾ ਗਿਆ ਸੀ ਪਰ ਉਹ ਜਾਂਚ ਵਿੱਚ ਸ਼ਾਮਲ ਨਹੀਂ ਹੋਈ ਸੀ। ਵਿਜੀਲੈਂਸ ਅਨੁਸਾਰ ਪ੍ਰੇਮ ਕੌਰ ਭੰਗੂ ਪਰਲਜ ਗਰੁੱਪ ਦੀਆਂ ਕਈ ਸਮੂਹ/ਸਬਸਿਡਰੀ ਕੰਪਨੀਆਂ ਵਿੱਚ ਡਾਇਰੈਕਟਰ ਵੀ ਰਹਿ ਚੁੱਕੀ ਹੈ। ਉਸ ਦੇ ਪਤੀ ਨਿਰਮਲ ਸਿੰਘ ਭੰਗੂ ਨੂੰ ਪਹਿਲਾਂ ਹੀ ਸੀਬੀਆਈ ਵੱਲੋਂ ਚਿਟ ਫੰਡ ਘੁਟਾਲੇ ਵਿੱਚ ਗਿ੍ਰਫ਼ਤਾਰ ਕਰਕੇ ਚਾਰਜਸ਼ੀਟ ਕੀਤਾ ਹੋਇਆ ਹੈ। ਇਸ ਸਕੀਮ ਵਿੱਚ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੇ ਲਗਪਗ 5 ਕਰੋੜ ਨਿਵੇਸ਼ਕਾਂ ਵੱਲੋਂ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਸਰਕਾਰ ਨੇ ਲੋਕਾਂ ਨਾਲ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਹੋਇਆ ਹੈ।