ਐੱਚ-1ਬੀ ਵੀਜਾ ਪ੍ਰੋਗਰਾਮ ਖਤਮ ਕਰਾਂਗੇ:ਰਾਮਾਸਵਾਮੀ
- ਵਾਸ਼ਿੰਗਟਨ : ਅਮਰੀਕਾ ਵਿੱਚ ਭਾਰਤੀ ਮੂਲ ਦੇ ਰਿਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਵਿਵੇਕ ਰਾਮਾਸਵਾਮੀ ਨੇ ਐੱਚ-1ਬੀ ਵੀਜਾ ਪ੍ਰੋਗਰਾਮ ਨੂੰ ਬੱਝਵੀਂ ਗੁਲਾਮੀ ਦੱਸਦੇ ਹੋਏ 2024 ਵਿੱਚ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਲਾਟਰੀ ਆਧਾਰਿਤ ਪ੍ਰਣਾਲੀ ਨੂੰ ਖਤਮ ਕਰਨ ਅਤੇ ਇਸ ਦੀ ਥਾਂ ਯੋਗਤਾ ਆਧਾਰਿਤ ਪ੍ਰਵੇਸ਼ ਪ੍ਰਣਾਲੀ ਲਿਆਉਣ ਦਾ ਵਾਅਦਾ ਕੀਤਾ ਹੈ। ਭਾਰਤੀ ਸੂਚਨਾ ਤਕਨਾਲੋਜੀ ਪੇਸ਼ੇਵਰਾਂ ਵਿੱਚ ਮਕਬੂਲ ਐੱਚ-1ਬੀ ਵੀਜਾ ਇਕ ਗੈਰ-ਪਰਵਾਸੀ ਵੀਜਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਪੇਸ਼ੇਵਰਾਂ ਨੂੰ ਅਜਿਹੇ ਅਹੁਦਿਆਂ ’ਤੇ ਨਿਯੁਕਤੀ ਦਾ ਅਧਿਕਾਰ ਦਿੰਦਾ ਹੈ ਜਿਨ੍ਹਾਂ ਵਿੱਚ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ। ਤਕਨਾਲੋਜੀ ਕੰਪਨੀਆਂ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਹਰੇਕ ਸਾਲ ਹਜਾਰਾਂ ਪੇਸ਼ੇਵਰਾਂ ਦੀ ਭਰਤੀ ਕਰਨ ਲਈ ਇਸੇ ਵੀਜਾ ਪ੍ਰੋਗਰਾਮ ’ਤੇ ਨਿਰਭਰ ਹਨ। ਰਾਮਾਸਵਾਮੀ ਨੇ ਖੁਦ ਐੱਚ-1ਬੀ ਪ੍ਰੋਗਰਾਮ ਦਾ 29 ਵਾਰ ਇਸਤੇਮਾਲ ਕੀਤਾ ਹੈ। ਅਖਬਾਰ ‘ਦਿ ਪੋਲੀਟਿਕੋ’ ਦੀ ਖਬਰ ਮੁਤਾਬਕ 2018 ਤੋਂ 2023 ਤੱਕ ਅਮਰੀਕਾ ਨਾਗਰਿਕ ਤੇ ਇਮੀਗ੍ਰੇਸ਼ਨ ਸੇਵਾ ਨੇ ਕਾਮਿਆਂ ਨੂੰ ਐੱਚ-1ਬੀ ਵੀਜਾ ਪ੍ਰੋਗਰਾਮ ਤਹਿਤ ਭਰਤੀ ਕਰਨ ਲਈ ਰਾਮਾਸਵਾਮੀ ਦੀ ਪਿਛਲੀ ਕੰਪਨੀ ਰੌਇਵੈਂਟ ਸਾਇੰਸਿਜ ਨੂੰ 29 ਵਾਰ ਮਨਜੂਰੀ ਦਿੱਤੀ ਹੈ। ਫਿਰ ਵੀ, ਅਖਬਾਰ ਨੇ 38 ਸਾਲਾ ਉੱਦਮੀ ਦੇ ਹਵਾਲੇ ਨਾਲ ਕਿਹਾ ਕਿ ਐਚ-1ਬੀ ਪ੍ਰਣਾਲੀ ਇਸ ਵਿੱਚ ਸ਼ਾਮਲ ਸਾਰੇ ਲੋਕਾਂ ਲਈ ਖਰਾਬ ਹੈ।