ਵਿਦੇਸ਼ਾਂ ਵਿੱਚ ਭਾਰਤ ਵਿਰੋਧੀ ਤਾਕਤਾਂ ਖਿਲਾਫ਼ ਕੇਂਦਰ ਸਰਕਾਰ ਦੀ ਸਖ਼ਤੀ ਤੋਂ ਬਾਅਦ ਹੁਣ ਵੱਡੀਆਂ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਹਲ। ਬ੍ਰਿਟੇਨ ਵਿੱਚ ਵੀ ਅਜਿਹੀ ਕਾਰਵਾਈ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੱਲੋਂ ਬਣਾਈ ਗਈ ਟਾਸਕ ਫੋਰਸ ਨੇ ਖਾਲਿਸਤਾਨੀ ਫੰਡਿੰਗ ‘ਤੇ ਵੱਡੀ ਕਾਰਵਾਈ ਕੀਤੀ ਹੈ।
ਬ੍ਰਿਟੇਨ ਨੇ ਪਹਿਲੀ ਵਾਰ ਖਾਲਿਸਤਾਨ ਨੂੰ ਫੰਡ ਦੇਣ ਵਾਲੇ 50 ਤੋਂ ਵੱਧ ਖਾਤੇ ਫ੍ਰੀਜ਼ ਕੀਤੇ ਗਏ ਹਨ। ਇਹ ਸਾਰੇ ਖਾਤੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਹੋਏ ਹਨ, ਜੋ ਭਾਰਤ ਵਿੱਚ ਪਾਬੰਦੀਸ਼ੁਦਾ ਜਥੇਬੰਦੀ ਹੈ। ਟਾਸਕ ਫੋਰਸ ਨੇ ਖਾਲਿਸਤਾਨ ਨਾਲ ਜੁੜੀਆਂ ਕਥਿਤ ਸਮਾਜ ਸੇਵੀ ਸੰਸਥਾਵਾਂ ਦੀ ਸੂਚੀ ਵੀ ਤਿਆਰ ਕੀਤੀ ਹੈ।
ਸਕਾਟਲੈਂਡ ਵੀ ਜਾਵੇਗੀ ਟਾਸਕ ਫੋਰਸ
ਬ੍ਰਿਟੇਨ ਟਾਸਕ ਫੋਰਸ ਨੇ ਪਾਇਆ ਕਿ ਇਹ ਜਥੇਬੰਦੀਆਂ ਖਾਲਿਸਤਾਨੀ ਸਮਰਥਕਾਂ ਨੂੰ ਪਨਾਹ ਵੀ ਦਿੰਦੀਆਂ ਹਨ। ਟਾਸਕ ਫੋਰਸ ਦੇ ਸੂਤਰਾਂ ਮੁਤਾਬਕ ਅੱਤਵਾਦੀ ਗਤੀਵਿਧੀਆਂ ਨੂੰ ਸਮਰਥਨ ਦੇਣ ਵਾਲੇ ਸੰਗਠਨਾਂ ਖਿਲਾਫ ਜਲਦ ਹੀ ਵੱਡੀ ਕਾਰਵਾਈ ਕੀਤੀ ਜਾਵੇਗੀ। ਟਾਸਕ ਫੋਰਸ ਦਾ ਗਠਨ ਦੋ ਮਹੀਨੇ ਪਹਿਲਾਂ ਹੀ ਹੋਇਆ ਹੈ। ਇਸ ਵਿਚ ਭਾਰਤੀ ਖੁਫੀਆ ਏਜੰਸੀਆਂ ਨਾਲ ਵੀ ਇਨਪੁਟਸ ਦਾ ਆਦਾਨ-ਪ੍ਰਦਾਨ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਹੁਣ ਟਾਸਕ ਫੋਰਸ ਦੇ ਛੇ ਮੈਂਬਰਾਂ ਦੀ ਟੀਮ ਵੀ ਸਕਾਟਲੈਂਡ ਜਾਵੇਗੀ। ਜਿੱਥੇ ਭਾਰਤੀ ਅਧਿਕਾਰੀ ਨੂੰ ਗੁਰਦੁਆਰਾ ਸਾਹਿਬ ‘ਚ ਐਂਟਰ ਨਹੀਂ ਹੋਣ ਦਿੱਤਾ ਗਿਆ ਸੀ।
ਟਾਸਕ ਫੋਰਸ ਨੇ ਸਭ ਤੋਂ ਪਹਿਲਾਂ ਖਾਲਿਸਤਾਨੀ ਨੇਤਾਵਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਬ੍ਰਿਟਿਸ਼ ਬੈਂਕਾਂ ਵਿੱਚ ਖਾਤਿਆਂ ਦੀ ਨਿਗਰਾਨੀ ਸੂਚੀ ਤਿਆਰ ਕੀਤੀ। ਫਿਰ, ਲਗਭਗ ਦੋ ਮਹੀਨਿਆਂ ਤੱਕ, ਬ੍ਰਿਟੇਨ ਵਿੱਚ ਵਿਦੇਸ਼ਾਂ ਤੋਂ ਔਨਲਾਈਨ ਅਤੇ ਆਫਲਾਈਨ ਇਹਨਾਂ ਖਾਤਿਆਂ ਵਿੱਚ ਜਮ੍ਹਾਂ 1 ਲੱਖ ਰੁਪਏ (ਲਗਭਗ ਇੱਕ ਹਜ਼ਾਰ ਪੌਂਡ) ਜਾਂ ਇਸ ਤੋਂ ਵੱਧ ਦੇ ਲੈਣ-ਦੇਣ ਦੀ ਨਿਗਰਾਨੀ ਕੀਤੀ ਗਈ, ਇਹਨਾਂ ਸ਼ੱਕੀ ਖਾਤਿਆਂ ਦੀ ਸੂਚੀ ਬਣਾਈ ਗਈ ਅਤੇ ਉਹਨਾਂ ਨੂੰ ਫ੍ਰੀਜ਼ ਕਰ ਦਿੱਤਾ ਗਿਆ। ਇਨ੍ਹਾਂ ਖਾਤਿਆਂ ‘ਚ 30 ਕਰੋੜ ਰੁਪਏ ਤੋਂ ਵੱਧ ਨਕਦੀ ਜਮ੍ਹਾ ਹੋਣ ਦੀ ਗੱਲ ਕਹੀ ਗਈ ਹੈ। ਟਾਸਕ ਫੋਰਸ ਅਗਲੇ ਪੜਾਅ ਵਿੱਚ ਹੋਰ ਸਖ਼ਤ ਕਾਰਵਾਈ ਕਰੇਗੀ।
ਕੈਨੇਡਾ ਨਹੀਂ ਰੋਕ ਪਾਇਆ ਫੰਡਿੰਗ
ਸਰਕਾਰ ਨੇ ਕੈਨੇਡਾ ਨੂੰ ਖਾਲਿਸਤਾਨ ਸਮਰਥਕਾਂ ਦੀ ਫੰਡਿੰਗ ਬੰਦ ਕਰਨ ਲਈ ਵੀ ਕਿਹਾ ਹੈ ਪਰ ਕੈਨੇਡੀਅਨ ਸਰਕਾਰ ਨੇ ਇਸ ਦਿਸ਼ਾ ਵਿੱਚ ਕੋਈ ਕਦਮ ਨਹੀਂ ਚੁੱਕਿਆ ਹੈ।