ਪੰਜਾਬ ‘ਚ ਨਹੀਂ ਵੱਜਾ ਨਸ਼ਿਆਂ ਨੂੰ ਬੰਨ੍ਹ!

0
156

ਕੌਮੀ ਕਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਦੇ ਅੰਕੜਿਆਂ ਨੇ ਪੰਜਾਬ ਵਿੱਚ ਨਸ਼ਿਆਂ ਦੀ ਤਸਵੀਰ ਬਿਆਨੀ ਹੈ। ਅਹਿਮ ਗੱਲ ਹੈ ਕਿ ਨਸ਼ਿਆਂ ਦਾ ਖਾਤਮਾ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਇਹ ਅੰਕੜੇ ਹੋਰ ਉੱਪਰ ਨੂੰ ਗਏ ਹਨ। ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਦੇਸ਼ ਭਰ ਵਿੱਚ ਪੰਜਾਬ ਵਿੱਚ ਨਸ਼ਿਆਂ ਨਾਲ ਸਭ ਤੋਂ ਵੱਧ ਮੌਤਾਂ ਹੋਈਆਂ ਹਨ।

ਦਰਅਸਲ ਦੇਸ਼ ਵਿੱਚੋਂ ਆਬਾਦੀ ਦੇ ਲਿਹਾਜ਼ ਨਾਲ ਪੰਜਾਬ ਦੀ ਜਨਸੰਖਿਆ ਸਿਰਫ਼ 2.21 ਫ਼ੀਸਦੀ ਹੈ ਜਦੋਂਕਿ ਨਸ਼ਿਆਂ ਨਾਲ ਹੋਈਆਂ ਮੌਤਾਂ ’ਚੋਂ ਇਕੱਲੇ ਪੰਜਾਬ ’ਚ 21 ਫ਼ੀਸਦੀ ਮੌਤਾਂ ਹੋਈਆਂ ਹਨ। ਇਹ ਖੁਲਾਸਾ ਕੌਮੀ ਕਰਾਈਮ ਰਿਕਾਰਡ ਬਿਊਰੋ ਦੀ ਸਾਲ 2022 ਦੀ ਰਿਪੋਰਟ ਵਿੱਚ ਹੋਇਆ ਹੈ। ਐਨਸੀਆਰਬੀ ਦੀ ਰਿਪੋਰਟ ਅਨੁਸਾਰ ਸਾਲ 2022 ਵਿੱਚ ਪੰਜਾਬ ਵਿੱਚ ਓਵਰਡੋਜ਼ ਨਾਲ 144 ਮੌਤਾਂ ਹੋਈਆਂ ਜੋ ਦੇਸ਼ ਵਿਚ ਹੋਈਆਂ ਮੌਤਾਂ ਦਾ 21 ਫ਼ੀਸਦੀ ਬਣਦਾ ਹੈ।

ਰਿਪੋਰਟ ਮੁਤਾਬਕ ਚਾਰ ਵਰ੍ਹੇ ਪਹਿਲਾਂ ਸਾਲ 2019 ਵਿੱਚ ਓਵਰਡੋਜ਼ ਨੇ 45 ਜਾਨਾਂ ਲਈਆਂ ਸਨ ਜੋ ਦੇਸ਼ ਭਰ ’ਚ ਗਈਆਂ ਜਾਨਾਂ ਦਾ 6.39 ਫ਼ੀਸਦੀ ਬਣਦਾ ਹੈ। ਇਸ ਤਰ੍ਹਾਂ ਚਾਰ ਸਾਲਾਂ ਹੀ ਤਿੰਨ ਗੁਣਾਂ ਵਾਧਾ ਹੋ ਗਿਆ ਹੈ। ਉਸ ਤੋਂ ਪਹਿਲਾਂ ਸਾਲ 2017 ਵਿੱਚ ਓਵਰਡੋਜ਼ ਨਾਲ 71 ਮੌਤਾਂ ਹੋਈਆਂ ਸਨ ਜਦੋਂਕਿ 2018 ’ਚ ਇਹ ਗਿਣਤੀ 78 ਸੀ।

ਉਧਰ, ਹਰਿਆਣਾ ਵਿੱਚ ਸਾਲ 2022 ਵਿੱਚ ਓਵਰਡੋਜ਼ ਨਾਲ ਸਿਰਫ਼ 9 ਮੌਤਾਂ ਹੋਈਆਂ ਸਨ। ਪੰਜਾਬ ਵਿੱਚ ਓਵਰਡੋਜ਼ ਨਾਲ ਮੌਤਾਂ ਦੀ ਗਿਣਤੀ ਕਦੇ ਸੌ ਦੇ ਅੰਕੜੇ ਨੂੰ ਛੂਹੀ ਨਹੀਂ ਸੀ ਪਰ ਸਾਲ 2022 ਤੋਂ ਇਨ੍ਹਾਂ ਮੌਤਾਂ ’ਚ ਇਕਦਮ ਵਾਧਾ ਹੋਇਆ ਹੈ। ਸਾਲ 2019 ਵਿੱਚ ਇਹ ਅੰਕੜਾ ਘੱਟ ਕੇ 45 ਰਹਿ ਗਿਆ ਸੀ। ਇਸੇ ਤਰ੍ਹਾਂ ਹੀ ਸਾਲ 2022 ਵਿਚ 54 ਨਸ਼ੇੜੀਆਂ ਨੇ ਖ਼ੁਦਕੁਸ਼ੀ ਵਰਗਾ ਕਦਮ ਵੀ ਚੁੱਕਿਆ ਜਦੋਂਕਿ 2021 ਵਿਚ 78 ਨਸ਼ੇੜੀਆਂ ਨੇ ਖ਼ੁਦਕੁਸ਼ੀ ਕੀਤੀ ਸੀ। ਪੰਜਾਬ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਕਾਰਵਾਈ ਸ਼ੁਰੂ ਵੀ ਕੀਤੀ ਹੋਈ ਹੈ ਪਰ ਹਕੀਕਤ ਵਿਚ ਬਹੁਤਾ ਫ਼ਰਕ ਨਜ਼ਰ ਨਹੀਂ ਆ ਰਿਹਾ।

LEAVE A REPLY

Please enter your comment!
Please enter your name here