ਰਾਜ ਸਭਾ ‘ਚ ਗਰਜੇ ਸੰਤ ਬਲਬੀਰ ਸਿੰਘ ਸੀਚੇਵਾਲ

0
127

ਸੁਲਤਾਨਪੁਰ ਲੋਧੀ :- ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖਾੜੀ ਦੇਸ਼ਾਂ ਵਿਚ ਪੰਜਾਬ ਦੀਆਂ ਔਰਤਾਂ ਦੀ ਹੋ ਰਹੀ ਖਰੀਦੋ-ਫਰੋਖ਼ਤ ਦਾ ਮੁੱਦਾ ਗੰਭੀਰਤਾ ਨਾਲ ਉਠਾਇਆ। ਉਨ੍ਹਾਂ ਸਦਨ ਨੂੰ ਦੱਸਿਆ ਕਿ ਟਰੈਵਲ ਏਜੰਟ ਪੰਜਾਬ ਦੀਆਂ ਔਰਤਾਂ ਨੂੰ ਖਾੜੀ ਦੇਸ਼ਾਂ ਵਿਚ ਲਿਜਾ ਕੇ ਉੱਥੇ ਵੇਚ ਰਹੇ ਹਨ।

ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਭਾਰਤੀ ਦੂਤਘਰ ਦੇ ਸਹਿਯੋਗ ਨਾਲ ਉਹ ਖਾੜੀ ਦੇਸ਼ਾਂ ਵਿਚੋਂ ਲਗਭਗ 60 ਔਰਤਾਂ ਨੂੰ ਭਾਰਤ ਵਾਪਸ ਲਿਆ ਚੁੱਕੇ ਹਨ, ਜਿਨ੍ਹਾਂ ਨੂੰ ਉਥੋਂ ਵੇਚਿਆ ਗਿਆ ਸੀ। ਟਰੈਵਲ ਏਜੰਟ ਗ਼ਰੀਬ ਘਰਾਂ ਦੀਆਂ ਔਰਤਾਂ/ਲੜਕੀਆਂ ਨੂੰ ਫਸਾ ਰਹੇ ਹਨ, ਜੋ ਬਹੁਤ ਛੋਟੀਆਂ ਹਨ ਅਤੇ ਉਨ੍ਹਾਂ ਨੂੰ ਵਿਜ਼ਟਰ ਵੀਜ਼ੇ ’ਤੇ ਖਾੜੀ ਦੇਸ਼ਾਂ ਵਿਚ ਲਿਜਾ ਕੇ ਵੇਚ ਰਹੇ ਹਨ, ਜਿੱਥੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਘਰ ਜਾਂ ਰੈਸਟੋਰੈਂਟ ਵਿਚ ਕੰਮ ਕਰਨ ਦਾ ਝਾਂਸਾ ਦਿੱਤਾ ਜਾਂਦਾ ਹੈ ਅਤੇ 35 ਤੋਂ 40 ਹਜ਼ਾਰ ਤੱਕ ਤਨਖ਼ਾਹ ਦਾ ਝੂਠਾ ਭਰੋਸਾ ਦਿੱਤਾ ਜਾਂਦਾ ਹੈ। ਫਿਰ ਉੱਥੇ, ਉਨ੍ਹਾਂ ਔਰਤਾਂ ਨੂੰ ਅਰਬੀ ਭਾਸ਼ਾ ਵਿੱਚ ਲਿਖੇ ਇਕ ਸਮਝੌਤੇ ’ਤੇ ਦਸਤਖ਼ਤ ਕਰਨ ਲਈ ਕਿਹਾ ਜਾਂਦਾ ਹੈ, ਜਿਸ ਦਾ ਉਹ ਨਾਜਾਇਜ਼ ਫਾਇਦਾ ਉਠਾ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਟ੍ਰੈਵਲ ਏਜੰਟਾਂ ਦਾ ਇਕ ਵੱਡਾ ਸਮੂਹ ਹੈ, ਜਿਸ ਦਾ ਨੈੱਟਵਰਕ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਫੈਲਿਆ ਹੋਇਆ ਹੈ। ਵਾਪਸ ਆਈਆਂ ਲੜਕੀਆਂ ਨੇ ਦੱਸਿਆ ਕਿ ਇਨ੍ਹਾਂ ਵਿਚ ਨੇਪਾਲ ਅਤੇ ਹੋਰ ਦੇਸ਼ਾਂ ਦੀਆਂ ਔਰਤਾਂ ਵੀ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਗਿਰੋਹ ਅੰਤਰਰਾਸ਼ਟਰੀ ਹੈ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਔਰਤਾਂ ਨੂੰ ਇਰਾਕ ਵਰਗੇ ਦੇਸ਼ ਵਿਚ ਵੀ ਭੇਜਿਆ ਜਾ ਰਿਹਾ ਹੈ, ਜਿੱਥੇ ਜਾਣਾ ਬਹੁਤ ਮੁਸ਼ਕਿਲ ਹੈ। ਸੰਤ ਸੀਚੇਵਾਲ ਨੇ ਖਾੜੀ ਦੇਸ਼ਾਂ ਵਿਚਲੇ ਭਾਰਤੀ ਦੂਤਾਵਾਸਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੇ ਦੇਸ਼ ਦੇ ਦੁਖ਼ੀ ਨਾਗਰਿਕਾਂ ਨੂੰ ਕੱਢਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਸਦਨ ਦੇ ਮਾਧਿਅਮ ਰਾਹੀਂ ਵਿਦੇਸ਼ ਮੰਤਰਾਲੇ ਨੂੰ ਵੀ ਬੇਨਤੀ ਕੀਤੀ ਕਿ ਇਸ ਗੋਰਖ ਧੰਦੇ ਨਾਲ ਜੁੜੇ ਟਰੈਵਲ ਏਜੰਟ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖੀ ਜਾਵੇ ਅਤੇ ਦੇਸ਼ ਦੀਆਂ ਔਰਤਾਂ/ਕੁੜੀਆਂ ਨੂੰ ਵਿਦੇਸ਼ਾਂ ਵਿਚ ਵੇਚਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।

LEAVE A REPLY

Please enter your comment!
Please enter your name here