ਮੇਰੇ ਸਾਥੀ ਮੈਨੂੰ ਘਰ ਬਿਠਾ ਕੇ ਚੁੱਪ ਕਰਵਾਉਣਾ ਚਾਹੁੰਦੇ ਨੇ: ਨਵਜੋਤ ਸਿੱਧੂ
ਪਟਿਆਲ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਉਸ ਦੇ ਸਾਥੀ ਉਸ ਨੂੰ ਘਰ ਬਿਠਾ ਕੇ ਚੁੱਪ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਉਹ ਸਰਕਾਰ ਦੀਆਂ ਗਲਤੀਆਂ ਤੋਂ ਪਰਦੇ ਨਾ ਉਠਾ ਸਕੇ। ਉਹ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਸ੍ਰੀ ਸਿੱਧੂ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਦਿਆਂ ’ਤੇ ਗੱਲ ਕਰਦੇ ਰਹਿਣਗੇ ਕਿਉਂਕਿ ਉਹ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਦੇ ਮਿਸ਼ਨ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਭਾਰਤ ਤੇ ਪੰਜਾਬ ਨੂੰ ਸੁਧਾਰਨ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਉਹ ਅਹੁਦਿਆਂ ਦੇ ਭੁੱਖੇ ਨਹੀਂ ਹਨ। ਜੇਕਰ ਹੁੰਦੀ ਤਾਂ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੇਅਰਹਾਊਸਿੰਗ ਕਾਰਪੋਰੇਸ਼ਨ ਦੀ ਚੇਅਰਮੈਨੀ ਨਾ ਛੱਡਦੀ ਤੇ ਨਾ ਹੀ ਉਨ੍ਹਾਂ ਦਾ ਪੁੱਤਰ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਦਾ ਅਹੁਦਾ ਛੱਡਦਾ। ਨਵਜੋਤ ਸਿੱਧੂ ਨੇ ਕਿਸੇ ਦਾ ਨਾਮ ਲਏ ਬਿਨਾਂ ਕਾਂਗਰਸੀ ਆਗੂਆਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਨ੍ਹਾਂ ਨੇ ਸਰਪੰਚੀ ਵੀ ਨਹੀਂ ਛੱਡੀ। ਇਹ ਤਾਂ ਅਹੁਦਿਆਂ ਦੇ ਪਿੱਛੇ-ਪਿੱਛੇ ਭੱਜਦੇ ਹਨ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਯੁਵਾ ਪੰਜਾਬ ਦੀ ਪੋਸਟ ਸਾਂਝੀ ਕਰਦਿਆਂ ਯੁਵਾ ਪੰਜਾਬ ਦਾ ਆਪਣੇ ਪੱਖ ਵਿੱਚ ਬੋਲਣ ਲਈ ਧੰਨਵਾਦ ਕੀਤਾ ਸੀ। ਇਸ ਪੋਸਟ ਵਿੱਚ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਕਈ ਸਵਾਲ ਕੀਤੇ ਗਏ ਸਨ। ਯੁਵਾ ਪੰਜਾਬ ਦੀ ਪੋਸਟ ਵਿੱਚ ਬਾਜਵਾ ਨੂੰ ਸਵਾਲ ਕੀਤਾ ਗਿਆ ਸੀ ਕਿ ਜਦੋਂ ਸਾਢੇ ਚਾਰ ਸਾਲ ਪੰਜਾਬ ਵਿੱਚ ਕੈਪਟਨ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਤਾਂ ਉਦੋਂ ਉਹ ਚੁੱਪ ਕਿਉਂ ਰਹੇ। ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਉਹ ਕੈਪਟਨ ਖਲਿਾਫ ਬੋਲਦੇ ਸੀ ਪਰ ਨਾਲ ਹੀ ਐੱਸਐੱਸਪੀ ਲਗਾਉਣ ਲਈ ਕੈਪਟਨ ਨਾਲ ਸਾਂਝ ਪਾ ਲੈਂਦੇ ਸੀ। ਉਨ੍ਹਾਂ ਪੋਸਟ ਵਿੱਚ ਬਾਜਵਾ ਦੀ ਜੈੱਡ ਪਲੱਸ ਸੁਰੱਖਿਆ ’ਤੇ ਵੀ ਸਵਾਲ ਉਠਾਇਆ। ਚਰਨਜੀਤ ਚੰਨੀ ਦੇ ਮੁੱਖ ਮੰਤਰੀ ਹੋਣ ਸਮੇਂ ਜਲੰਧਰ ਅਤੇ ਸੰਗਰੂਰ ਦੀ ਜ਼ਿਮਨੀ ਚੋਣ ਬਾਰੇ ਵੀ ਉਨ੍ਹਾਂ ਕਈ ਸਵਾਲ ਉਠਾਏ।
