ਇੰਗਲੈਂਡ ਦੀ ਸਰਕਾਰ ਹੋਈ ਸਖ਼ਤ
ਪਰਿਵਾਰਕ ਮੈਂਬਰਾਂ ਨੂੰ ਹੁਣ ਨਹੀਂ ਲਿਜਾ ਸਕਣਗੇ ਵਿਦਿਆਰਥੀ
ਲੰਡਨ : ਬਰਤਾਨੀਆ ਵੱਲੋਂ ਸਖਤ ਕੌਮਾਂਤਰੀ ਵਿਦਿਆਰਥੀ ਵੀਜਾ ਨੇਮ ਲਾਗੂ ਕਰ ਦਿੱਤੇ ਗਏ ਹਨ ਅਤੇ ਇਨ੍ਹਾਂ ਤਹਿਤ ਇਸ ਮਹੀਨੇ ਬਰਤਾਨਵੀ ਯੂਨੀਵਰਸਿਟੀਆਂ ’ਚ ਪੜ੍ਹਾਈ ਸ਼ੁਰੂ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਸਮੇਤ ਕੌਮਾਂਤਰੀ ਵਿਦਿਆਰਥੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਨਹੀਂ ਲਿਆ ਸਕਣਗੇ। ਬਰਤਾਨੀਆ ਦੇ ਗ੍ਰਹਿ ਵਿਭਾਗ ਦੇ ਦਫਤਰ ਨੇ ਕਿਹਾ ਕਿ ਇਨ੍ਹਾਂ ਤਬਦੀਲੀਆਂ ਦਾ ਮਕਸਦ ਬਰਤਾਨੀਆ ’ਚ ਕੰਮ ਕਰਨ ਲਈ ਪਿਛਲੇ ਦਰਵਾਜੇ ਵਜੋਂ ਵਿਦਿਆਰਥੀ ਵੀਜੇ ਦੀ ਵਰਤੋਂ ਕਰਨ ਵਾਲੇ ਲੋਕਾਂ ’ਤੇ ਰੋਕ ਲਾਉਣੀ ਹੈ ਅਤੇ ਅਨੁਮਾਨ ਹੈ ਕਿ 1,40,000 ਘੱਟ ਲੋਕ ਬਰਤਾਨੀਆ ਆਉਣਗੇ। ਇਨ੍ਹਾਂ ਨੇਮਾਂ ਦਾ ਐਲਾਨ ਸਾਬਕਾ ਗ੍ਰਹਿ ਸਕੱਤਰ ਸੁਏਲਾ ਬਰੇਵਰਮੈਨ ਨੇ ਪਿਛਲੇ ਸਾਲ ਮਈ ’ਚ ਕੀਤਾ ਸੀ।
ਗ੍ਰਹਿ ਸਕੱਤਰ ਜੇਸਮ ਕਲੈਵਰਲੀ ਨੇ ਦੱਸਿਆ ਕਿ ਵਿਦਿਆਰਥੀ ਵੀਜਅਿਾਂ ਦੀ ਵਰਤੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਇੱਥੇ ਲਿਆਉਣ ਲਈ ਕੀਤੀ ਜਾ ਰਹੀ ਹੈ ਜਿਸ ਕਾਰਨ ਇੱਥੇ ਪਰਵਾਸੀਆਂ ਦੀ ਗਿਣਤੀ 2019 ਮਗਰੋਂ 930 ਫੀਸਦ ਤੱਕ ਵਧ ਗਈ ਹੈ। ਇਹ ਯੋਜਨਾ ਇਸ ਸਾਲ ਦੌਰਾਨ ਅਮਲ ’ਚ ਆਵੇਗੀ।’ ਉਨ੍ਹਾਂ ਕਿਹਾ, ‘ਅੱਜ ਇਸ ਯੋਜਨਾ ਦਾ ਵੱਡਾ ਹਿੱਸਾ ਅਮਲ ’ਚ ਲਿਆਂਦਾ ਗਿਆ ਹੈ ਜਿਸ ਨਾਲ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਰਤਾਨੀਆ ਲਿਆਉਣ ਦੀ ਪ੍ਰਕਿਰਿਆ ’ਤੇ ਠੱਲ੍ਹ ਪਵੇਗੀ। ਇਸ ਨਾਲ ਪਰਵਾਸੀਆਂ ਦੀ ਗਿਣਤੀ ਹਜਾਰਾਂ ਤੱਕ ਘਟੇਗੀ ਅਤੇ ਤਿੰਨ ਲੱਖ ਲੋਕਾਂ ਨੂੰ ਬਰਤਾਨੀਆ ਆਉਣ ਤੋਂ ਰੋਕਿਆ ਜਾ ਸਕੇਗਾ।’