ਬੀਬੀ ਜਗੀਰ ਕੌਰ ਨੇ ਖੋਲ੍ਹੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਦੇ ਭੇਦ.
ਅਮੇਜਿੰਗ ਟੀ.ਵੀ. ਵੱਲੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਨਾਲ ਸਿੱਖ ਪੰਥ, ਪੰਜਾਬ ਅਤੇ ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ ਬਾਰੇ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਮੌਕੇ ਵਰਿੰਦਰ ਸਿੰਘ ਚੀਫ ਐਡੀਟਰ ਅਮੇਜਿੰਗ ਟੀ.ਵੀ. ਦੇ ਸਵਾਲਾਂ ਜਵਾਬ ਦਿੰਦਿਆਂ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਸਿਰਮੋਰ ਸੰਸਥਾ ਹੈ, ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਆਗਾਜ਼ ਇਥੇ ਹੀ ਹੋਇਆ ਸੀ।
ਪਹਿਲਾਂ ਅੰਗਰੇਜ਼ ਕੌਮ ਦੇ ਪਿੱਠੂਆਂ ਅਤੇ ਮਸੰਦਾਂ ਕੋਲੋਂ ਸਿੱਖ ਸੰਗਤ ਨੇ ਰੱਲ ਕੇ ਗੁਰਦੁਆਰੇ ਆਜ਼ਾਦ ਕਰਵਾਏ ਗਏ, ਫਿਰ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸਾਡੇ ਕੋਲ ਰਾਜਨੀਤਿਕ ਸ਼ਕਤੀ ਵੀ ਹੋਣੀ ਚਾਹੀਦਾ ਹੈ, ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਈ। ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰੱਲ ਕੇ ਸਿੱਖ ਧਰਮ ਦਾ ਬਹੁਤ ਪ੍ਰਚਾਰ ਅਤੇ ਪਸਾਰ ਕੀਤਾ। ਅੰਮ੍ਰਿਤ ਸੰਚਾਰ ਕਰਵਾਏ ਅਤੇ ਇਨ੍ਹਾਂ ਨੇ ਆਪਣੀ ਜਿੰਮੇਵਾਰੀ ਨਿਭਾਈ ਕਿ ਸਿੱਖਾਂ ਨੂੰ ਅੰਮ੍ਰਿਤਧਾਰੀ ਬਣਾਉਣਾ ਹੈ, ਗੁਰਬਾਣੀ ਨਾਲ ਜੋੜਨਾ ਹੈ। ਬਹੁਤ ਸਾਰੇ ਮਸਲੇ ਹੱਲ ਕਰਵਾਉਣ ਲਈ ਜਦੋ ਜਹਿਦ ਹੁੰਦੀ ਰਹੀ, ਜਿਵੇਂ ਪੰਜਾਬੀ ਸੂਬਾ, ਐਮਰਜੈਂਸੀ ਦਾ ਦੌਰ, ਪੰਜਾਬ ਦੇ ਪਾਣੀਆਂ ਦੇ ਮਸਲੇ, ਧਰਮ ਯੁੱਧ ਮੋਰਚੇ ਲਈ ਕੁਰਬਾਨੀਆਂ ਦਾ ਦੌਰ ਵੀ ਚੱਲਿਆ। ਪੰਜਾਬ ਵਿੱਚੋਂ ਹਰਿਆਣਾ ਅਤੇ ਹਿਮਾਚਲ ਅਲੱਗ ਕਰ ਦਿੱਤੇ ਗਏ, ਦਿੱਲੀ ਅਤੇ ਚੰਡੀਗੜ੍ਹ ਤੋਂ ਵੱਖ ਕਰ ਦਿੱਤਾ ਗਿਆ। ਇਹ ਭਾਵੇਂ ਬਹੁਤ ਗਲਤ ਹੋਇਆ ਪਰ ਸੋਚ ਇਹ ਰਹੀ ਕਿ ਘੱਟ ਤੋਂ ਘੱਟ ਪੰਜਾਬ ਵਿੱਚ ਆਪਣੀ ਗੱਲ ਤਾਂ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਲੋਕ ਆਪਣੀ ਸਰਕਾਰ ਕਹਿੰਦੇ ਸਨ। ਲੋਕਾਂ ਦੇ ਪ੍ਰੇਮ ਅਤੇ ਸਤਿਕਾਰ ਸਦਕਾ ਸ. ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ। ਉਨ੍ਹਾਂ ਨੇ ਕੰਮ ਬਹੁਤ ਕੀਤੇ, ਡਿਵੈਲਪਮੈਂਟ ਵੀ ਬਹੁਤ ਕੀਤੀ ਅਤੇ ਪੰਜਾਬ ਦੀ ਨੁਹਾਰ ਬਦਲ ਕੇ ਰੱਖ ਦਿੱਤੀ। ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ। ਗਰੀਬਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਗਏ। ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਬਹੁਤ ਹੀ ਵੱਡੀ ਪਾਰਟੀ ਵਜੋਂ ਉਭਰੀ ਅਤੇ ਪਰ ਹੋਲੀ ਹੋਲੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਅਣਗੌਲਿਆਂ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਬਾਦਲ ਪਰਿਵਾਰ ਵੱਲੋਂ ਮਨਮਾਨੀਆਂ ਹੋਣੀਆਂ ਸ਼ੁਰੂ ਹੋ ਗਈਆਂ। ਕੁਝ ਸੀਨੀਅਰ ਲੀਡਰ ਘਰ ਬਹਿ ਗਏ, ਕੁਝ ਪੁਰਾਣੇ ਲੀਡਰ ਚੜ੍ਹਾਈ ਕਰ ਗਏ। ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਆਪਣਾ ਹੋਲਡ ਸਥਾਪਤ ਕਰ ਲਿਆ ਗਿਆ। ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕੋਈ ਵੀ ਮੰਤਰੀ ਆਪਣੇ ਫੈਸਲਾ ਆਪ ਨਹੀਂ ਲੈ ਸਕਦਾ ਸੀ, ਭਾਵੇਂ ਉਹ ਕਿਸੇ ਵੀ ਮਹਿਕਮੇ ਜਾਂ ਵਿਭਾਗ ਨਾਲ ਸੰਬੰਧਤ ਹੋਵੇ। ਸਾਰੇ ਫੈਸਲੇ ਪਰਿਵਾਰ ਵਲੋਂ ਲਏ ਜਾਣ ਲੱਗੇ।
ਬੀਬੀ ਜਾਗੀਰ ਕੌਰ ਨੇ ਕਿਹਾ ਕਿ ਜੇਕਰ ਦੇਸ਼ ਦੇ ਕਿਸੇ ਵੀ ਕੌਨੇ ਵਿੱਚ ਕੋਇਲਾ, ਮਾਰਬਲ ਪੱਥਰ, ਤੇਲ ਜਾਂ ਸੋਨਾ ਨਿਕਲਦਾ ਹੈ ਉਸ ਲਈ ਰਾਜ ਪੈਸੇ ਲੈਂਦਾ ਹੈ, ਪਰ ਪਾਣੀਆਂ ਦੇ ਪੈਸੇ ਸਾਨੂੰ ਨਹੀਂ ਦਿੱਤੇ ਜਾਂਦੇ ਉਹ ਸਾਡੇ ਤੋਂ ਹੱਕ ਨਾਲ ਲਏ ਜਾਂਦੇ ਹਨ। ਜੇ ਅਸੀਂ ਸਾਰੀਆਂ ਸਟੇਟਾਂ ਤੋਂ ਪੈਸੇ ਦੇ ਕੇ ਸੋਮੇ ਖਰੀਦੇ ਹਾਂ ਸਾਡੀ ਵਾਰੀ ਇਸ ਤਰ੍ਹਾਂ ਕਿਉਂ? ਇਹ ਸਾਰੇ ਮੁੱਦੇ ਬੈਠ ਕੇ ਹੱਲ ਕੀਤੇ ਜਾ ਸਕਦੇ ਹਨ, ਪਰ ਇਸ ਵੱਲ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਧਿਆਨ ਨਹੀਂ ਦਿੱਤਾ। ਸੈਂਟਰ ਵਿੱਚ ਭਾਈਵਾਲ ਬਣਕੇ ਸਾਰੀਆਂ ਤਾਕਤਾਂ, ਅਹੁਦੇ ਅਤੇ ਬਿਜਨੈੱਸ ਬਣਾ ਲਏ ਪਰ ਪੰਜਾਬ ਨੂੰ ਸੈਂਟਰ ਕੋਲੋਂ ਕੁਝ ਨਹੀਂ ਲੈ ਕੇ ਦਿੱਤਾ।
ਬੀਬੀ ਜਾਗੀਰ ਕੌਰ ਸਾਫ ਸ਼ਬਦਾਂ ਵਿੱਚ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਜੋ ਢਾਹ ਲੱਗੀ ਹੈ ਲੋਕ ਸਿੱਧੇ ਰੂਪ ਵਿੱਚ ਅਕਾਲੀ ਦਲ ਨੂੰ ਦੋਸ਼ੀ ਦੱਸ ਰਹੇ ਹਨ। ਕਿਉਂਕਿ ਆਪਣੇ ਅਨੁਸਾਰ ਉਨ੍ਹਾਂ ਅਹੁਦੇ ਦਿੱਤੇ ਹਨ। ਲੋਕਾਂ ਵਿੱਚ ਸਭ ਤੋਂ ਵੱਧ ਦਰਦ ਇਸ ਗੱਲ ਨੂੰ ਲੈ ਕੇ ਹੈ ਰਾਮ ਰਹੀਮ ਦੇ ਹੱਕ ਵਿੱਚ ਇਨ੍ਹਾਂ ਨੇ ਮੁਆਫੀ ਦਵਾਈ ਹੈ। ਇਸ ਤੋਂ ਇਲਾਵਾ ਬਰਗਾੜੀ ਕਾਂਡ ਦੇ ਬੇਅਦਬੀ ਮਾਮਲੇ ਵਰਗੇ ਮੁੱਦਿਆਂ ਕਾਰਨ ਲੋਕਾਂ ਵਿੱਚ ਨਿਰਾਸ਼ਾ ਦਾ ਮੌਹਾਲ ਰਿਹਾ।
ਸ. ਵਰਿੰਦਰ ਸਿੰਘ ਨੇ ਬੀਬੀ ਜੀ ਨੂੰ ਸਵਾਲ ਕਰਦਿਆਂ ਕਿਹਾ ਕਿ ਇਲੈਕਸ਼ਨ ਤੋਂ ਬਾਅਦ ਹੀ ਤੁਸੀਂ ਆਵਾਜ਼ ਕਿਉਂ ਬੁਲੰਦ ਕੀਤੀ, ਇਲੈਕਸ਼ਨ ਤੋਂ ਪਹਿਲਾਂ ਜੇ ਆਵਾਜ਼ ਬੁਲੰਦ ਕੀਤੀ ਹੁੰਦੀ ਤਾਂ ਹੋ ਸਕਦਾ ਨੁਹਾਰ ਹੋਰ ਹੁੰਦੀ?
ਇਸ ਸਵਾਲ ਦੇ ਜਵਾਬ ਵਿੱਚ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਅਸੀਂ ਸੋਚਦੇ ਸੀ ਕਿ ਪਾਰਟੀ ਅੰਦਰ ਰਹਿ ਕੇ ਗੱਲਬਾਤ ਰਾਹੀਂ ਸਮਝਾਇਆ ਜਾਵੇ ਤਾਂ ਅੰਦਰ ਵੜ੍ਹ ਕੇ ਸਭ ਕੁਝ ਠੀਕ ਕਰ ਲਿਆ ਜਾਵੇ। 2015 ਵਿੱਚ ਪਾਰਟੀ ਅੰਦਰ ਇਹ ਮਸਲਾ ਉਠਣਾ ਸ਼ੁਰੂ ਹੋ ਗਿਆ ਸੀ, ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। 2017 ਵਿੱਚ ਕੇਵਲ 15 ਮੈਂਬਰ ਹੀ ਜਿੱਤ ਪ੍ਰਾਪਤ ਕਰ ਸਕੇ ਪਾਰਟੀ ਦਾ ਅਕਸ ਵਿਗੜਨ ਲੱਗ ਪਿਆ। ਪਾਰਟੀ ਦੇ ਸੀਨੀਅਰ ਲੀਡਰ ਦੀ ਕੋਰ ਕਮੇਟੀ ਵਿੱਚ ਬ੍ਰਹਮਪੁਰਾ ਸਾਹਿਬ, ਢੀਂਡਸਾ ਸਾਹਿਬ, ਅਜਨਾਲਾ ਸਾਹਿਬ, ਸੇਖਵਾਂ ਸਾਹਿਬ ਦੀ ਮੌਜੂਦਗੀ ਵਿੱਚ ਇਹ ਗੱਲ ਕੀਤੀ ਗਈ ਸੀ ਕਿ ਪੰਜਾਬ ਦੀ ਵਾਗਡੋਰ ਮੁੜ ਕੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਦੇ ਦਿੱਤੀ ਜਾਵੇ ਅਤੇ ਤੁਸੀਂ ਪਾਰਟੀ ਤੋਂ ਨੈਤਿਕਤਾ ਦੇ ਆਧਾਰ ਅਸਤੀਫਾ ਦੇ ਦਿਓ ਕਿ ਤੁਸੀਂ ਕੁਝ ਗਲਤੀਆਂ ਕੀਤੀਆਂ ਹਨ। ਪਰ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਆਪਣੇ ਪਿਤਾ ਨੂੰ ਵੀ ਨਹੀਂ ਸੌਂਪ ਸਕਦਾ ਸੀ। ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਸੀ.ਐਮ. ਸਨ ਉਦੋਂ ਸੁਖਬੀਰ ਸਿੰਘ ਬਾਦਲ ਡਿਪਟੀ ਸੀ.ਐਮ. ਉਨ੍ਹਾਂ ਦੀਆਂ ਸਾਰੀਆਂ ਤਾਕਤਾਂ ਉਹ ਆਪ ਵਰਤਦਾ ਸੀ। ਇਸ ਤੋਂ ਇਲਾਵਾ ਪਰਿਵਾਰ ਵਿੱਚੋਂ ਹੀ ਬਿਕਰਮਜੀਤ ਸਿੰਘ ਮਜੀਠੀਆ ਜਿੰਨੇ ਵੀ ਆਈ.ਪੀ.ਐਸ., ਪੀ.ਸੀ.ਐਸ. ਜਾਂ ਵੱਡੇ ਅਫਸਰ ਸਨ ਉਨ੍ਹਾਂ ਨਾਲ ਲਿੰਕ ਸਨ ਇਹੋ ਹੀ ਲਗਾਉਂਦੇ ਸਨ, ਇਥੋਂ ਤੱਕ ਕਿ ਐਸ.ਡੀ.ਐਮ., ਤਹਿਸੀਲਦਾਰ, ਡੀ.ਐਸ.ਪੀ., ਐਸ.ਐਸ.ਪੀ. ਅਤੇ ਐਸ.ਐਚ.ਓ. ਤੱਕ ਉਨ੍ਹਾਂ ਦੀ ਕਲਮ ਨਾਲ ਬਣਦੇ ਸਨ। ਸ. ਪ੍ਰਕਾਸ਼ ਸਿੰਘ ਬਾਦਲ ਕੇਵਲ ਮੀਟਿੰਗਾਂ ਤੱਕ ਸੀਮਤ ਰਹਿੰਦੇ ਸਨ ਸਾਰੇ ਕਾਰਜ ਇਨ੍ਹਾਂ ਵੱਲੋਂ ਅੰਜਾਮ ਕੀਤੇ ਸਨ।
ਨਵੀਂ ਪਾਰਟੀ ਦੇ ਗਠਨ ਦੀਆਂ ਸਾਡੀਆਂ ਕੋਸ਼ਿਸ਼ਾਂ ਜਾਰੀ ਹਨ, ਪਰ ਸ਼੍ਰੋਮਣੀ ਅਕਾਲੀ ਦਲ ਵਿੱਚ ਅਜੇ ਵੀ ਇਹੋ ਕੁਝ ਹੋ ਰਿਹਾ ਹੈ ਮੁੜ ਕੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਨਿਯੁਕਤ ਕਰ ਲਿਆ ਗਿਆ ਹੈ, ਪਰ ਸਿੱਖ ਜਗਤ ਉਨ੍ਹਾਂ ਤੋਂ ਨਾਖੁਸ਼ ਹੈ।
ਜਦੋਂ ਕੇਂਦਰੀ ਵਜੀਰ ਬਣਨ ਦੀ ਗੱਲ ਆਈ ਤਾਂ ਸਾਰੇ ਸੀਨੀਅਰ ਲੀਡਰਾਂ ਨੂੰ ਦਰ ਕਿਨਾਰ ਕਰਕੇ ਨਵੀਂ ਬਣੀ ਲੀਡਰ ਬੀਬੀ ਹਰਸਿਮਰਨ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਬਣਾਇਆ ਗਿਆ। ਉਸ ਸਮੇਂ ਘਰ ਵਿੱਚ ਹੀ ਸੀ.ਐਮ., ਡਿਪਟੀ ਸੀ.ਐਮ., ਕੇਂਦਰੀ ਮੰਤਰੀ ਅਤੇ ਹੋਰ ਰਿਸ਼ਤੇਦਾਰ ਸੱਤਾ ਵਿੱਚ ਹੋਣ ਤਾਂ ਲੋਕ ਕਿਸੇ ਨੂੰ ਕੀ ਕਹਿਣਗੇ? ਉਥੇ ਪਾਰਟੀ ਕੀ ਕਰੇਗੀ? ਸਾਰੀ ਕਮਾਂਡ ਹੀ ਇੱਕ ਪਰਿਵਾਰ ਕੋਲ ਆ ਗਈ ਤਾਂ ਹੋਰ ਕੋਈ ਕੀ ਕਰ ਸਕਦਾ ਹੈ।
ਪੰਜਾਬ ਦੀ ਸੱਤਾ ਆਮ ਆਦਮੀ ਪਾਰਟੀ ਦੇ ਹੱਥ ਆਉਣਾ ਦਾ ਇਹੋ ਕਾਰਨ ਹੈ ਕਿ ਲੋਕਾਂ ਨੇ ਪੰਜਾਬ ਨੂੰ ਬਚਾਉਣ ਦਾ ਨਵਾਂ ਬਦਲ ਲੱਭਿਆ, ਪਰ ਹੁਣ ਲੋਕ ਪੂਰੀ ਤਰ੍ਹਾਂ ਦੁਖੀ ਹਨ ਅਤੇ ਪਛਤਾ ਰਹੇ ਹਨ। ਨਸ਼ਿਆਂ ਦਾ ਕੋਈ ਅੰਤ ਨਹੀਂ ਰਿਹਾ। ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ। ਨਸ਼ੇ ਦੇ ਆਦਿ ਨੌਜਵਾਨਾਂ ਉੱਤੇ ਪਰਚੇ ਪਾਏ ਜਾ ਰਹੇ ਹਨ, ਪਰ ਨਸ਼ਾਂ ਵੇਚਣ ਵਾਲੀਆਂ ਵੱਡੀਆਂ ਮੱਛੀਆਂ ਨੂੰ ਕੁਝ ਨਹੀਂ ਕਿਹਾ ਜਾ ਰਿਹਾ ਅਤੇ ਹੇਠਲੇ ਪੱਧਰ ਦੇ ਲੋਕਾਂ ਨੂੰ ਉਨ੍ਹਾਂ ਦੇ ਘਰ ਢਾਹ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਾਲਾਂ ਵਿੱਚ ਲੋਕ ਇਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ।
ਅੰਤ ਵਿੱਚ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਮੁੜ ਹੋਂਦ ਵਿੱਚ ਆਵੇ ਪਰ ਉਸ ਵਿੱਚ ਬਾਦਲ ਪਰਿਵਾਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਮੂਲੀਅਤ ਨਾ ਹੋਵੇ। 2027 ਦੀਆਂ ਚੋਣਾਂ ਵਿੱਚ ਸੁਖਬੀਰ ਸਿੰਘ ਬਾਦਲ ਦਾ ਮੁੜ ਸਫਲ ਹੋਣਾ ਬਹੁਤ ਮੁਸ਼ਕਿਲ ਹੈ। ਉਹ ਇੱਕ ਬਿਜਨੈੱਸਮੈਨ ਤਾਂ ਬਹੁਤ ਚੰਗਾ ਹੋ ਸਕਦਾ ਹੈ ਪਰ ਪਾਰਟੀ ਸਹੀ ਢੰਗ ਨਾਲ ਚਲਾਉਣਾ ਉਸ ਦੇ ਵੱਸ ਦੀ ਗੱਲ ਨਹੀਂ ਹੈ।
