ਪਾਕਿਸਤਾਨ ਦੇ ਰੇਲਵੇ ਟਰੈਕ ’ਤੇ ਧਮਾਕੇ
ਪੇਸ਼ਾਵਰ : ਪਾਕਿਸਤਾਨ ਦੇ ਦੱਖਣ-ਪੱਛਮੀ ਸੂਬੇ ਸਿੰਧ ਵਿੱਚ ਮੰਗਲਵਾਰ ਨੂੰ ਇੱਕ ਰੇਲਵੇ ਟਰੈਕ ’ਤੇ ਹੋਏ ਧਮਾਕੇ ਕਾਰਨ ਰੇਲਗੱਡੀ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ ਅਤੇ ਇਸ ਕਾਰਨ ਕਈ ਲੋਕ ਜ਼ਖਮੀ ਹੋ ਗਏ।
ਪੇਸ਼ਾਵਰ ਜਾ ਰਹੀ ਜਾਫ਼ਰ ਐਕਸਪ੍ਰੈਸ ਦੇ ਜ਼ਖਮੀ ਯਾਤਰੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਸਾਲ ਦੌਰਾਨ ਇਸ ਰੇਲਗੱਡੀ ’ਤੇ ਕਈ ਵਾਰ ਹਮਲੇ ਹੋ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਸਿੰਧ ਦੇ ਸ਼ਿਕਾਰਪੁਰ ਜ਼ਿਲ੍ਹੇ ਵਿੱਚ ਸੁਲਤਾਨ ਕੋਟ ਦੇ ਨੇੜੇ ਸੋਮਰਵਾਹ ਨੇੜੇ ਹੋਇਆ।
ਪੁਲੀਸ ਨੇ ਦੱਸਿਆ ਕਿ ਮੌਕੇ ’ਤੇ ਬਚਾਅ ਕਾਰਜ ਜਾਰੀ ਹੈ। ਪੁਲੀਸ ਅਤੇ ਅਰਧ ਸੈਨਿਕ ਬਲਾਂ ਦੀਆਂ ਭਾਰੀ ਟੁਕੜੀਆਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਧਮਾਕੇ ਦੀ ਪ੍ਰਕਿਰਤੀ ਦਾ ਪਤਾ ਲਗਾਉਣ ਲਈ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਰੇਲਵੇ ਟਰੈਕ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ।
ਕੁਏਟਾ ਅਤੇ ਪੇਸ਼ਾਵਰ ਦੇ ਵਿਚਕਾਰ ਚੱਲਣ ਵਾਲੀ ਜਾਫ਼ਰ ਐਕਸਪ੍ਰੈਸ ਨੂੰ ਹਾਲ ਹੀ ਦੇ ਮਹੀਨਿਆਂ ਵਿੱਚ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾ ਮਾਰਚ ਮਹੀਨੇ ਵਿੱਚ ਇਸ ਰੇਲਗੱਡੀ ’ਤੇ ਹੋਇਆ ਹਮਲਾ ਸਭ ਤੋਂ ਭਿਆਨਕ ਸੀ।