ਫਗਵਾੜਾ ’ਚ ਆਪ ਆਗੂ ਦੀ ਰਿਹਾਇਸ਼ ’ਤੇ ਗੋਲੀਬਾਰੀ, 5 ਕਰੋੜ ਮੰਗੇ
ਫਗਵਾੜਾ, ਫਗਵਾੜਾ ਦੇ ਪਿੰਡ ਦਰਵੇਸ਼ ਵਿੱਚ ਆਪ ਆਗੂ ਦਲਜੀਤ ਰਾਜੂ ਦੀ ਰਿਹਾਇਸ਼ ’ਤੇ ਦੋ ਅਣਪਛਾਤੇ ਨਕਾਬਪੋਸ਼ਾਂ ਵੱਲੋਂ ਗੋਲੀਬਾਰੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੌਕੇ ਹਮਲਾਵਰਾਂ ਨੇ ਅੰਦਾਜ਼ਨ 23-24 ਰਾਊਂਡ ਫਾਇਰ ਕੀਤੇ। ਆਪ ਆਗੂ ਰਾਜੂ ਨੇ ਦੱਸਿਆ ਕਿ ਗੋਲੀਬਾਰੀ ਹੋਣ ਸਮੇਂ ਉਹ, ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੀ ਧੀ ਪਹਿਲੀ ਮੰਜ਼ਿਲ ’ਤੇ ਸੁੱਤੇ ਹੋਏ ਸਨ। ਇਸ ਘਟਨਾ ਦੌਰਾਨ ਪਰਿਵਾਰ ਵਾਲ ਵਾਲ ਬਚ ਗਿਆ।
ਰਾਜੂ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਨਕਾਬਪੋਸ਼ ਵਿਅਕਤੀਆਂ ਨੂੰ ਨੇੜੇ ਤੋਂ ਉਨ੍ਹਾਂ ਦੇ ਘਰ ’ਤੇ ਗੋਲੀਆਂ ਚਲਾਉਂਦੇ ਦੇਖਿਆ ਅਤੇ ਉਹ ਹਨੇਰੇ ਦਾ ਫਾਇਦਾ ਚੁੱਕਦਿਆਂ ਫਰਾਰ ਹੋ ਗਏ। ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਹਮਲਾਵਰਾਂ ਨੂੰ ਨਕਾਬ ਪਾ ਕੇ ਮੋਟਰਸਾਈਕਲ ’ਤੇ ਆਉਂਦੇ ਦੇਖਿਆ ਗਿਆ ਹੈ। ਉਨ੍ਹਾਂ ਨੇ ਵਾਹਨ ਨੂੰ ਪਿੰਡ ਦੇ ਮੁੱਖ ਗੇਟ ਨੇੜੇ ਖੜ੍ਹਾ ਕੀਤਾ ਅਤੇ ਪੈਦਲ ਘਰ ਤੱਕ ਪਹੁੰਚੇ। ਕੈਮਰੇ ਵਿੱਚ ਉਨ੍ਹਾਂ ਵਿੱਚੋਂ ਇੱਕ ਨੂੰ ਕੰਪਾਊਂਡ ਦੇ ਅੰਦਰ ਇੱਕ ਚਾਰ ਪੰਨਿਆਂ ਦਾ ਨੋਟ ਸੁੱਟਦੇ ਹੋਏ ਕੈਦ ਕੀਤਾ ਗਿਆ। ਕਾਗਜ਼ਾਂ ’ਤੇ ਕਥਿਤ ਤੌਰ ’ਤੇ ਕਾਲਾ ਰਾਣਾ ਗਰੁੱਪ ਵੱਲੋਂ 5 ਕਰੋੜ ਰੁਪਏ ਦੀ ਮੰਗ ਦਾ ਧਮਕੀ ਭਰਿਆ ਸੁਨੇਹਾ ਲਿਖਿਆ ਸੀ।
ਰਾਜੂ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਹਮਲਾ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਅਪਰਾਧਿਕ ਅਨਸਰਾਂ ਵੱਲੋਂ ਕੀਤਾ ਗਿਆ ਹੈ। ਮੌਕੇ ਤੋਂ ਕਈ ਖਾਲੀ ਕਾਰਤੂਸ ਬਰਾਮਦ ਕੀਤੇ ਗਏ ਹਨ।
ਪੁਲੀਸ ਥਾਣਾ ਸਤਨਾਮਪੁਰਾ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਐੱਸਪੀ ਮਾਧਵੀ ਸ਼ਰਮਾ ਨੇ ਮੀਡੀਆ ਨੂੰ ਪੁਸ਼ਟੀ ਕੀਤੀ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋ ਅਣਪਛਾਤੇ ਹਮਲਾਵਰਾਂ ਵੱਲੋਂ 23-24 ਫਾਇਰ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਪੁਲੀਸ ਸ਼ੱਕੀਆਂ ਦਾ ਪਤਾ ਲਗਾਉਣ ਲਈ ਆਸ-ਪਾਸ ਦੇ ਖੇਤਰਾਂ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ, ਜਦੋਂ ਕਿ ਫਿਰੌਤੀ, ਗੈਂਗ ਗਤੀਵਿਧੀ ਅਤੇ ਨਿਸ਼ਾਨਾ ਬਣਾ ਕੇ ਡਰਾਉਣ-ਧਮਕਾਉਣ ਸਮੇਤ ਕਈ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ।


