ਜਲੰਧਰ – ‘ਆਪ’ ਦੇ ਹਲਕਾ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਵਿਧਾਇਕ ਤੇ ਉਸ ਦੇ ਸਾਥੀ ਬਲਦੇਵ ਸਿੰਘ ਨੂੰ ਮਾਣਯੋਗ ਸੀ. ਜੇ. ਐੱਮ. ਐੱਨ. ਆਰ. ਆਈ. ਗਗਨਦੀਪ ਸਿੰਘ ਗਰਗ ਦੀ ਅਦਾਲਤ ਵੱਲੋਂ ਗੈਂਬਲਿੰਗ ਐਕਟ ਦੇ ਮਾਮਲੇ ’ਚ ਦੋਸ਼ ਸਾਬਤ ਨਾ ਹੋਣ ’ਤੇ ਬਰੀ ਕਰ ਦਿੱਤਾ ਗਿਆ ਹੈ। ਇਸ ਮਾਮਲੇ ’ਚ ਸ਼ੀਤਲ ਅੰਗੁਰਾਲ ਤੇ ਉਸ ਦੇ ਸਾਥੀ ਬਲਦੇਵ ਸਿੰਘ ਵਿਰੁੱਧ ਥਾਣਾ ਭਾਰਗੋ ਕੈਂਪ ’ਚ ਗੈਂਬਲਿੰਗ ਐਕਟ ਤਹਿਤ 29 ਅਪ੍ਰੈਲ 2020 ’ਚ ਮਾਮਲਾ ਦਰਜ ਕੀਤਾ ਗਿਆ ਸੀ। ਵਰਣਨਯੋਗ ਹੈ ਕਿ ਸ਼ੀਤਲ ਅੰਗੁਰਾਲ ਉਸ ਸਮੇਂ ਵਿਧਾਇਕ ਨਹੀਂ ਸਨ।
ਇਸ ਦੌਰਾਨ ਵਿਧਾਇਕ ਸ਼ੀਤਲ ਅੰਗੁਰਾਲ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਉਨ੍ਹਾਂ ‘ਤੇ ਝੂਠਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮੰਗਲਵਾਰ ਨੂੰ ਉਨ੍ਹਾਂ ਨੂੰ ਅਦਾਲਤ ਤੋਂ ਇਨਸਾਫ ਮਿਲਿਆ ਹੈ। ਸ਼ੀਤਲ ਅੰਗੁਰਾਲ ਵੱਲੋਂ ਵਕੀਲ ਪੰਕਜ ਸ਼ਰਮਾ ਕੇਸ ਦਾ ਬਚਾਅ ਕਰ ਰਹੇ ਸਨ। ਸ਼ੀਤਲ ਅੰਗੁਰਾਲ ਦੇ ਖਿਲਾਫ ਇਹ ਮਾਮਲਾ 29 ਅਪ੍ਰੈਲ 2020 ਨੂੰ ਭਾਰਗੋ ਥਾਣੇ ਵਿਚ ਦਰਜ ਕੀਤਾ ਗਿਆ ਸੀ। ਉਸ ਵਿਰੁੱਧ ਪੰਜਾਬ ਗੈਂਬਲਿੰਗ ਐਕਟ 1867 ਦੀ ਧਾਰਾ 13,3,67 ਅਤੇ ਮਹਾਮਾਰੀ ਰੋਗ ਐਕਟ 1897 ਦੀ ਧਾਰਾ 3, ਆਫ਼ਤ ਪ੍ਰਬੰਧਨ ਐਕਟ 2005 ਦੀ ਧਾਰਾ 51 ਅਤੇ ਆਈ.ਪੀ.ਸੀ. 1860 ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਸੀ। ਐੱਫ.ਆਈ.ਆਰ ਸ਼ੀਤਲ ਅੰਗੁਰਾਲ ਤੋਂ ਇਲਾਵਾ ਬਲਦੇਵ ਰਾਜ, ਕਪਿਲ ਕੁਮਾਰ ਸਲੂਜਾ, ਅਤੁਲ ਕੁਮਾਰ, ਦੀਪਕ, ਸੁਪ੍ਰੀਤ ਸਿੰਘ, ਨਵੀਨ ਮਹਾਜਨ, ਅਜੈ ਵਰਮਾ, ਵਿਵੇਕ ਮਹਾਜਨ, ਕੀਰਤੀ ਗੋਸਵਾਮੀ, ਰਾਕੇਸ਼ ਕੁਮਾਰ ਅਤੇ ਨਮਕ ਮਿੱਲ ਮਾਲਕ ਦੇ ਪੁੱਤਰ ਨੂੰ ਦੋਸ਼ੀ ਬਣਾਇਆ ਗਿਆ। ਇਨ੍ਹਾਂ ‘ਤੇ ਦੋਸ਼ ਸੀ ਕਿ ਉਹ ਕਾਲਾ ਸਿੰਘਾ ਰੋਡ ‘ਤੇ ਪਿੰਡ ਕੋਟ ਸਾਦਿਕ ‘ਚ ਦਵਿੰਦਰਾ ਉਰਫ ਗੋਲਾ ਦੇ ਘਰ ਜੂਆ ਖੇਡ ਰਹੇ ਸਨ ਅਤੇ ਪੁਲਸ ਨੇ ਉਨ੍ਹਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ। ਪੁਲਸ ਨੇ ਇਸ ਮਾਮਲੇ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਸੀ ਅਤੇ ਅਦਾਲਤ ਨੇ ਮੁਲਜ਼ਮਾਂ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਉਨ੍ਹਾਂ ਨੂੰ ਕੇਸ ਵਿਚੋਂ ਬਰੀ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ 2020 ‘ਚ ਕੋਰੋਨਾ ਦੇ ਦੌਰ ਦੌਰਾਨ ਸ਼ੀਤਲ ਅੰਗੁਰਲ ਖ਼ਿਲਾਫ਼ ਭਾਰਗੋ ਕੈਂਪ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਮੁਹੱਲਾ ਕੋਟ ਸਦੀਕ ਵਿਚ ਗੋਲਾ ਰਾਮ ਨਾਂ ਦੇ ਵਿਅਕਤੀ ਘਰ ਛਾਪਾ ਮਾਰ ਕੇ ਵਿਧਾਇਕ ਸ਼ੀਤਲ ਅੰਗੁਰਾਲ ਸਮੇਤ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਪੁਲਸ ਨੇ 2 ਲੱਖ 595 ਰੁਪਏ ਦੀ ਨਕਦੀ ਬਰਾਮਦ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਜਦੋਂ ਇਹ ਕਾਰਵਾਈ ਕੀਤੀ ਗਈ ਤਾਂ ਸ਼ੀਤਲ ਅੰਗੁਰਾਲ ਭਾਜਪਾ ਵਿਚ ਸੀ।